ਦੇਵਿੰਦਰ ਸਿੰਘ ਜੱਗੀ
ਪਾਇਲ, 17 ਸਤੰਬਰ
ਪਾਇਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਰਿਟਰਨਿੰਗ ਅਫਸਰ ਹਰਮਨਦੀਪ ਸਿੰਘ ਬੱਲ ਤੇ ਇੰਸਪੈਕਟਰ ਚਰਨਜੀਤ ਸਿੰਘ ਦੀ ਦੇਖ ਰੇਖ ਹੇਠ ਹੋਈ। ਜਿਸ ਵਿੱਚ ਕੁੱਲ 11 ਮੈਂਬਰ ਹਨ ਜਿਨ੍ਹਾਂ ਵਿੱਚੋਂ 9 ਮੈਂਬਰਾਂ ਦੀ ਚੋਣ ਲਈ ਵੋਟਾਂ ਪਈਆਂ ਅਤੇ ਮਾਜਰੀ ਜ਼ੋਨ ਦੇ 2 ਮੈਂਬਰ ਸਰਬਸੰਮਤੀ ਨਾਲ ਚੁਣੇ ਗਏ। ਇਹ ਖੇਤੀਬਾੜੀ ਸਹਿਕਾਰੀ ਸਭਾ ਤਿੰਨ ਪਿੰਡਾਂ ਪਾਇਲ, ਮਾਜਰੀ ਅਤੇ ਨਵਾਂਪਿੰਡ ਗੋਬਿੰਦਪੁਰਾ ਦੀ ਸਾਂਝੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਾਇਲ ਜ਼ੋਨ ਤੋਂ 7 ਮੈਂਬਰ ਚੁਣੇ ਗਏ ਜਿਨ੍ਹਾਂ ਵਿੱਚ ਨਰਿੰਦਰ ਸਿੰਘ ਨਿੰਦਾ, ਮਨਜੀਤ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ ਚੀਮਾ, ਰਮਲਜੀਤ ਸਿੰਘ ਗਰਚਾ, ਸੁਰਿੰਦਰ ਸਿੰਘ, ਅਤੇ ਸਰੂਪ ਸਿੰਘ ਜੇਤੂ ਰਹੇ। ਪਿੰਡ ਗੋਬਿੰਦਪੁਰਾ ਜ਼ੋਨ ਤੋਂ ਮੰਗਤ ਸਿੰਘ ਤੇ ਜਸਵੀਰ ਕੌਰ ਨੇ ਜਿੱਤ ਪ੍ਰਾਪਤ ਕੀਤੀ। ਮਾਜਰੀ ਜ਼ੋਨ ਤੋਂ ਆੜ੍ਹਤੀ ਗੁਰਜੀਤ ਸਿੰਘ ਮਾਜਰੀ ਅਤੇ ਸਤਿੰਦਰ ਕੌਰ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ। ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਆਪੋ ਆਪਣੇ ਜੇਤੂ ਉਮੀਦਵਾਰਾਂ ਦੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਸਾਰੇ ਉਮੀਦਵਾਰਾਂ ਦੇ ਸਮਰਥਕਾਂ ਹਾਜ਼ਰ ਸਨ, ਜਿਨ੍ਹਾਂ ਨੇ ਉਮੀਦਵਾਰਾਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ।
ਪ੍ਰਧਾਨ ਦੀ ਚੋਣ ਲਈ ਲੱਗੇਗਾ ਸਿਆਸੀ ਧਿਰਾਂ ਦਾ ਜ਼ੋਰ
ਭਾਵੇਂ ਸਹਿਕਾਰੀ ਸਭਾ ਦੀ ਪ੍ਰਧਾਨ ਦੀ ਚੋਣ ਕਰਨ ਲਈ ਕਾਫੀ ਦਿਨ ਬਾਕੀ ਹਨ ਪਰ ‘ਆਪ’ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਪ੍ਰਧਾਨਗੀ ਹਾਸਲ ਕਰਨ ਲਈ ਕਾਫੀ ਜੱਦੋ ਜਹਿਦ ਕਰਨੀ ਪੈ ਸਕਦੀ ਹੈ ਕਿਉਂਕਿ ‘ਆਪ’ ਤੇ ਕਾਂਗਰਸ ਕੋਲ 4-4 ਉਮੀਦਵਾਰ ਹਨ ਅਤੇ ਅਕਾਲੀ ਦਲ 1 ਅਤੇ 2 ਆਜ਼ਾਦ ਉਮੀਦਵਾਰ ਹਨ। ਹੁਣ ਕੌਣ ਕਿਸ ਦਾ ਸਹਾਰਾ ਲਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਆਮ ਆਦਮੀ ਪਾਰਟੀ ਵਲੋਂ ਪ੍ਰਧਾਨ ਬਣਾਉਣਾ ਜ਼ਰੂਰ ਗਲੇ ਦੀ ਹੱਡੀ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਧਮੋਟ ਕਲਾਂ ਸੁਸਾਇਟੀ ਦੀ ਚੋਣ ਵਿੱਚ ਵੀ ਕਾਂਗਰਸ ਬਾਜ਼ੀ ਮਾਰ ਗਈ ਸੀ। ਹੁਣ ਇੱਥੇ ਵੀ ਸਹਿਕਾਰੀ ਸਭਾ ਦਾ ਪ੍ਰਧਾਨ ਬਣਾਉਣ ਲਈ ਸਾਰੀਆਂ ਸਿਆਸੀ ਧਿਰਾਂ ਦਾ ਪੂਰਾ ਜ਼ੋਰ ਲੱਗਣ ਦੀ ਸੰਭਾਵਨਾ ਹੈ।