ਸਤਵਿੰਦਰ ਬਸਰਾ
ਲੁਧਿਆਣਾ, 16 ਮਾਰਚ
ਪੀਏਯੂ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਅੱਜ ਅਮਨ-ਅਮਾਨ ਨਾਲ ਸਮਾਪਤ ਹੋਈਆਂ। ਇਨ੍ਹਾਂ ਚੋਣਾਂ ਵਿੱਚ ‘ਅੰਬ’ ਅਤੇ ‘ਸਾਈਕਲ’ ਚੋਣ ਨਿਸ਼ਾਨ ਵਾਲੇ ਗਰੁੱਪ ਆਹਮੋਂ-ਸਾਹਮਣੇ ਹਨ। ਕੁੱਲ 974 ਵੋਟਾਂ ਵਿੱਚੋਂ 961 ਵੋਟਾਂ ਪਈਆਂ ਜਦਕਿ ਸਿਰਫ਼ 13 ਮੁਲਾਜ਼ਮਾਂ ਨੇ ਆਪਣੀ ਵੋਟ ਪੋਲ ਨਹੀਂ ਕੀਤੀ। ਚੋਣਾਂ ਕਰਕੇ ਅੱਜ ਪੂਰਾ ਦਿਨ ’ਵਰਸਿਟੀ ਕੈਂਪਸ ਵਿੱਚ ਮੁਲਾਜ਼ਮਾਂ ਦੀ ਚਹਿਲ-ਪਹਿਲ ਰਹੀ। ਪੀਏਯੂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਧਿਕਾਰੀਆਂ ਅਤੇ ਸਰਕਾਰ ਸਾਹਮਣੇ ਰੱਖਣ ਲਈ ਕੜੀ ਦਾ ਕੰਮ ਕਰਦੀ ਪੀਏਯੂ ਮੁਲਾਜ਼ਮ ਯੂਨੀਅਨ ਦੀਆਂ ਹਰ ਦੋ ਸਾਲ ਬਾਅਦ ਹੁੰਦੀਆਂ ਚੋਣਾਂ ਅੱਜ ਮੁਕੰਮਲ ਹੋ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਚਾਅ ਸੀ। ਪੀਏਯੂ ਦੇ ਪ੍ਰੀਖਿਆ ਹਾਲ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ ਅੰਬ ਗਰੁੱਪ ਵੱਲੋਂ ਬਲਦੇਵ ਸਿੰਘ ਵਾਲੀਆ ਅਤੇ ਸਾਈਕਲ ਗਰੁੱਪ ਵੱਲੋਂ ਗੁਰਪ੍ਰੀਤ ਸਿੰਘ ਪ੍ਰਧਾਨਗੀ ਦੇ ਅਹੁਦੇ ਲਈ ਆਹਮੋ-ਸਾਹਮਣੇ ਹਨ। ਦੋਵਾਂ ਗਰੁੱਪਾਂ ਵੱਲੋਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਆਪਣੇ ਨਾਲ ਜੋੜਨ ਲਈ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ‘ਅੰਬ’ ਗਰੁੱਪ ਵੱਲੋਂ ਤਾਂ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਉਨ੍ਹਾਂ ਨੂੰ ਮਿਲ ਰਹੇ ਸਹਿਯੋਗ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ। ਜਾਣਕਾਰੀ ਅਨੁਸਾਰ ਪੀਏਯੂ ਦੇ ਪੱਕੇ ਮੁਲਾਜ਼ਮਾਂ ਦੀਆਂ ਮੌਜੂਦਾ ਸਮੇਂ ਸਿਰਫ 974 ਵੋਟਾਂ ਹੀ ਰਹਿ ਗਈਆਂ ਹਨ ਜਦਕਿ ਕਦੇ ਇਨ੍ਹਾਂ ਦੀ ਗਿਣਤੀ 1500 ਦੇ ਲਗਪਗ ਹੁੰਦੀ ਸੀ। ਮੌਜੂਦਾ ਸਮੇਂ ‘ਅੰਬ’ ਗਰੁੱਪ ਯੂਨੀਅਨ ’ਤੇ ਕਾਬਜ਼ ਹੈ। ਦੋਵਾਂ ਗਰੁੱਪਾਂ ਨੇ ਅੱਜ ਦੀ ਚੋਣ ਪ੍ਰੀਕਿਰਿਆ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਚੋਣਾਂ ਦਾ ਨਤੀਜਾ 17 ਮਾਰਚ ਨੂੰ ਐਲਾਨਿਆ ਜਾਵੇਗਾ।