ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜਨਵਰੀ
ਲੋਹੜੀ ਦਾ ਤਿਉਹਾਰ ਜਿਉਂ ਜਿਉਂ ਨੇੜੇ ਆ ਰਿਹਾ ਹੈ, ਪਤੰਗਬਾਜ਼ਾਂ ਵੱਲੋਂ ਪਲਾਸਟਿਕ ਦੀ ਡੋਰ ਖਰੀਦਣ ਦੀ ਹੋੜ ਤੇਜ਼ ਹੁੰਦੀ ਜਾ ਰਹੀ ਹੈ। ਸਰਕਾਰ ਵੱਲੋਂ ਜਲਦੀ ਨਾ-ਟੁੱਟਣਸ਼ੀਲ ਇਸ ਡੋਰ ਦੀ ਵਿਕਰੀ ’ਤੇ ਭਾਵੇਂ ਪਿਛਲੇ ਕਈ ਸਾਲਾਂ ਤੋਂ ਪਾਬੰਦੀ ਲਗਾਈ ਹੋਈ ਹੈ ਪਰ ਹਰ ਲੋਹੜੀ ਮੌਕੇ 100 ਵਿੱਚੋਂ 90 ਫੀਸਦੀ ਪਤੰਗਬਾਜ਼ਾਂ ਦੇ ਹੱਥਾਂ ਵਿੱਚ ਇਹੋ ਹੀ ਡੋਰ ਦੇਖੀ ਜਾਂਦੀ ਹੈ। ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਵਿਰੁੱਧ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ।
ਹਰ ਸਾਲ ਪਲਾਸਟਿਕ ਦੀ ਡੋਰ ਨਾਲ ਸੈਂਕੜੇ ਪੰਛੀ ਅਤੇ ਦਰਜਨਾਂ ਮਨੁੱਖੀ ਜਾਨਾਂ ਜਾ ਰਹੀਆਂ ਹਨ। ਇਹ ਡੋਰ ਲਚਕੀਲੀ ਹੋਣ ਕਰਕੇ ਜਲਦੀ ਟੁੱਟਦੀ ਨਹੀਂ ਜਿਸ ਕਰਕੇ ਸੜਕਾਂ ’ਤੇ ਜਾਂਦੇ ਰਾਹਗੀਰ ਅਤੇ ਅਕਾਸ਼ ਵਿੱਚ ਉਡਦੇ ਪੰਛੀ ਇਸ ਡੋਰ ਦੇ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇਸ ਡੋਰ ਨਾਲ ਅਨੇਕਾਂ ਹੀ ਪੰਛੀ ਅਤੇ ਮਨੁੱਖ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਤਰਕਸ਼ੀਲ ਸੁਸਾਇਟੀ ਲੁਧਿਆਣਾ, ਮਹਾਂ ਸਭਾ ਦੀ ਲੁਧਿਆਣਾ ਇਕਾਈ, ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੁਧਿਆਣਾ ਇਕਾਈ ਦੇ ਨੁਮਾਇੰਦਿਆਂ ਕਰਨਲ ਜੇ ਐਸ ਬਰਾੜ, ਜਸਵੰਤ ਜੀਰਖ, ਮਾਸਟਰ ਭਜਨ ਸਿੰਘ, ਬਲਵਿੰਦਰ ਸਿੰਘ ਅਤੇ ਆਤਮਾ ਸਿੰਘ ਨੇ ਸਮੂਹ ਜਥੇਬੰਦੀਆਂ ਨੂੰ ਇਸ ਮਾਰੂ ਡੋਰ ਵਿਰੁੱਧ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਲੋਹੜੀ ਮੌਕੇ ਦੇਸੀ ਧਾਗੇ ਤੋਂ ਬਣਾਈ ਡੋਰ ਨਾਲ ਹੀ ਪਤੰਗ ਉਡਾਏ ਜਾਂਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਰ ਦੇ ਨਾਂ ਹੇਠ ਆਈ ਇਸ ਪਲਾਸਟਿਕ ਡੋਰ ਨੇ ਜਿੱਥੇ ਪਤੰਗਬਾਜ਼ੀ ਦਾ ਮਜ਼ਾ ਕਿਰਕਰਾ ਕਰ ਦਿੱਤਾ ਉੱਥੇ ਬੇਕਸੂਰ ਪੰਛੀਆਂ ਅਤੇ ਮਨੁੱਖਾਂ ਦੀਆਂ ਕੀਮਤੀ ਜਾਨਾਂ ਵੀ ਲੈ ਲਈਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਅਜਿਹੀ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਪ੍ਰਚਲਿਤ ਪਲਾਸਟਿਕ ਦੀ ਡੋਰ ਵਿੱਚ ਫਸੇ ਕਈ ਮਾਸੂਮ ਪੰਛੀ ਦਰਖਤਾਂ ’ਤੇ ਲਟਕੇ ਦੇਖੇ ਜਾ ਸਕਦੇ ਹਨ। ਇਸ ਡੋਰ ਦੇ ਮਾੜੇ ਪ੍ਰਭਾਵਾਂ ਸਬੰਧੀ ਸਕੂਲਾਂ ਵਿੱਚ ਜਾਗਰੂਕ ਕਰਨ ਦੇ ਨਾਲ ਨਾਲ ਅਜਿਹੀ ਡੋਰ ਦਾ ਵਪਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਲੋੜ ਹੈ।
ਪਾਬੰਦੀਸ਼ੁਦਾ ਚੀਨੀ ਡੋਰ ਸਣੇ ਦੋ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):ਇਥੋਂ ਦੇ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਪਾਬੰਦੀਸ਼ੁਦਾ ਚੀਨੀ ਡੋਰ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਦੋ ਦੇ ਥਾਣੇਦਾਰ ਹਰਜਾਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਟਿੱਬਾ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ’ਤੇ ਹਰਪ੍ਰੀਤ ਸਿੰਘ ਵਾਸੀ ਕਰਮਸਰ ਕਲੋਨੀ ਟਿੱਬਾ ਰੋਡ ਨੂੰ ਟੀ-ਪੁਆਇੰਟ ਗਊਸ਼ਾਲਾ ਟਿੱਬਾ ਰੋਡ ਵਿਖੇ ਖੜ੍ਹ ਕੇ ਪਾਬੰਦੀਸ਼ੁਦਾ ਡੋਰ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 48 ਗੱਟੇ ਚੀਨੀ ਡੋਰ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਦਰੇਸੀ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕਾਰਾਬਾਰਾ ਚੌਂਕ ਮੌਜੂਦ ਸੀ ਤਾਂ ਬਬਲੂ ਵਾਸੀ ਧੂਪਾਂਵਾਲੀ ਗਲੀ ਮੁਹੱਲਾ ਕਾਰਾਬਾਰਾ, ਨੇੜੇ ਰਾਜੂ ਕਰਿਆਨਾ ਸਟੋਰ ਨੂੰ ਪਾਬੰਦੀਸ਼ੁਦਾ ਚੀਨੀ ਡੋਰ ਵੇਚਣ ਲਈ ਆਪਣੇ ਘਰ ਦੇ ਬਾਹਰ ਖੜ੍ਹ ਕੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ ਉਸ ਪਾਸੋਂ 7 ਗੱਟੇ ਚੀਨੀ ਡੋਰ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।