ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਗਸਤ
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਅੱਜ ਪੇਂਡੂ ਸੈਰ ਸਪਾਟੇ ਦੇ ਵਿਕਾਸ ਬਾਰੇ ਇੱਕ ਵੈਬਿਨਾਰ ਕਰਵਾਇਆ ਗਿਆ। ਇਸ ਵਿੱਚ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਫਿਲਿਪ ਐੱਚ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਖੇਤੀ ਅਤੇ ਸੈਰ-ਸਪਾਟੇ ਵਿਚਕਾਰ ਤਾਲਮੇਲ ਬਣਾ ਕੇ ਪੇਂਡੂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟੇ ਨੂੰ ਵਾਤਾਵਰਨ ਸੁਰੱਖਿਆ ਨਾਲ ਵੀ ਜੋੜਨਾ ਚਾਹੀਦਾ ਹੈ। ਖੇਤੀ ਨਾਲ ਸਬੰਧਤ ਗਤੀਵਿਧੀਆਂ ਅਤੇ ਖੇਤਾਂ ਦੀ ਪੈਦਾਵਾਰ ਨੂੰ ਕਾਮਯਾਬ ਕਾਰੋਬਾਰੀ ਮਾਡਲ ਨਾਲ ਜੋੜ ਕੇ ਪੇਂਡੂ ਖੇਤਰ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਪੇਂਡੂ ਖੇਤਰ ਦੇ ਸੈਲਾਨੀ ਸਥਾਨਾਂ ਵੱਲ ਇਸ਼ਾਰਾ ਕੀਤਾ ਅਤੇ ਖੇਤੀ ਵਿਗਿਆਨ ਕੇਂਦਰਾਂ ਨੂੰ ਕਿਹਾ ਕਿ ਉਹ ਇਸ ਦਿਸ਼ਾ ਵਿੱਚ ਬਿਹਤਰ ਕੰਮ ਕਰ ਸਕਦੇ ਹਨ। ਫਸਲ ਕੈਫੇਟੇਰੀਆ, ਫਾਰਮਰਜ਼ ਲੌਂਜ, ਟਰੈਕਟਰਾਂ ਦੀ ਸਵਾਰੀ ਅਤੇ ਮਸ਼ੀਨੀ ਦਾ ਪ੍ਰਦਰਸ਼ਨ ਆਦਿ ਪੇਂਡੂ ਖੇਤਰਾਂ ਦੇ ਸੈਰ-ਸਪਾਟੇ ਵਿੱਚ ਵਾਧੇ ਦਾ ਕਾਰਨ ਹੋ ਸਕਦੇ ਹਨ। ਇਸ ਤੋਂ ਪਹਿਲਾਂ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਵਾਤਾਵਰਨ ਪੱਖੀ ਅਤੇ ਵਿਗਿਆਨਕ ਖੇਤੀ ਕਾਰਜਾਂ ਨਾਲ ਪੇਂਡੂ ਖੇਤਰ ਨੂੰ ਲੋਕਾਂ ਲਈ ਆਕਰਸ਼ਿਤ ਬਣਾਇਆ ਜਾ ਸਕਦਾ ਹੈ।