ਗੁਰਿੰਦਰ ਸਿੰਘ
ਲੁਧਿਆਣਾ, 8 ਅਕਤੂਬਰ
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਕਤਾ) ਦੀ ਦੋ ਰੋਜ਼ਾ ਸੂਬਾਈ ਚੋਣ ਕਾਨਫਰੰਸ ਦੀ ਸ਼ੁਰੂਆਤ ਮੌਕੇ ਮੁਲਾਜ਼ਮ ਰੈਲੀ ਕੀਤੀ ਗਈ ਜਿਸ ਵਿੱਚ ਕਈ ਆਗੂਆਂ ਨੇ ਹਿੱਸਾ ਲਿਆ।
ਬੱਸ ਸਟੈਂਡ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਅਕਤੂਬਰ ਨੂੰ ਮੁੱਖ ਮੰਤਰੀ ਦੀ ਕਨਵੀਨਰ ਨਾਲ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁਲਾਜ਼ਮ ਵਿਰੋਧੀ ਵਤੀਰੇ ਤੋਂ ਅੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਸੰਘਰਸ਼ ਤੇਜ਼ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਅਰਥੀ ਫੂਕ ਰੈਲੀਆਂ ਤੋਂ ਬਾਅਦ 16 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿੱਚ ਵਿਸ਼ਾਲ ਰੈਲੀ ਕਰਨ ਦਾ ਫ਼ੈਸਲਾ ਕੀਤਾ ਹੈ।ਕਾਮਰੇਡ ਜਗਰੂਪ ਅਤੇ ਵਿੱਕੀ ਮਹੇਸ਼ਵਰੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਵਾਅਦਿਆਂ ਤੋਂ ਉਲਟ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਕੰਮ ਉਪਰ ਲੱਗੇ ਕਿਰਤੀਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਜਾਂਦਾ ਹੈ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਕਾਮਰੇਡ ਗੁਰਦੀਪ ਸਿੰਘ ਮੋਤੀ ਅਤੇ ਚਰਨ ਸਿੰਘ ਸਰਾਭਾ ਨੇ ਜਨਤਕ ਖੇਤਰ ਦੇ ਅਦਾਰਿਆਂ ਟਰਾਂਸਪੋਰਟ, ਸਿਹਤ ਅਤੇ ਵਿਦਿਆ ਦੀ ਨਿਘਰ ਰਹੀ ਹਾਲਤ ਉੱਪਰ ਸਰਕਾਰ ਨੂੰ ਖ਼ਬਰਦਾਰ ਕਰਦਿਆਂ ਕਿਹਾ ਜੇ ਪੰਜਾਬ ਸਰਕਾਰ ਨੇ ਇਨ੍ਹਾਂ ਅਦਾਰਿਆਂ ਦੀ ਨਿਘਰ ਰਹੀ ਹਾਲਤ ਵੱਲ ਧਿਆਨ ਨਹੀਂ ਦਿੱਤਾ ਤਾਂ ਪੰਜਾਬ ਦੇ ਲੋਕ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣਗੇ। ਰੈਲੀ ਨੂੰ ਕਾਮਰੇਡ ਡੀਪੀ ਮੌੜ, ਬਲਕਾਰ ਸਿੰਘ ਬਲਟੋਹਾ, ਰਣਧੀਰ ਸਿੰਘ ਲੁਧਿਆਣਾ, ਅਵਤਾਰ ਸਿੰਘ ਤਾਰੀ, ਗੁਰਜੰਟ ਸਿੰਘ ਕੋਕਰੀ, ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਮੈਡਲੇ, ਸੁਖਜਿੰਦਰ ਸਿੰਘ ਮਹੇਸ਼ਵਰੀ, ਜੀਤ ਕੌਰ ਆਸ਼ਾ ਵਰਕਰ, ਮਨਜੀਤ ਸਿੰਘ ਗਿੱਲ, ਕਿਰਨਦੀਪ ਸਿੰਘ ਢਿੱਲੋਂ ਅਤੇ ਮਨਪ੍ਰੀਤ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਧੰਨਵਾਦ ਕੀਤਾ।