ਪੱਤਰ ਪ੍ਰੇਰਕ
ਪਾਇਲ, 30 ਮਾਰਚ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਬਿਕਰਮਜੀਤ ਸਿੰਘ ਕੱਦੋਂ ਸੂਬਾ ਜੁਆਇੰਟ ਸਕੱਤਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸਤਨਾਮ ਸਿੰਘ ਦੌਲਤਪੁਰ, ਬਲਵਿੰਦਰ ਸਿੰਘ ਮੰਡਿਆਲਾ ਬਲਾਕ ਕਨਵੀਨਰ ਦੀ ਅਗਵਾਈ ਵਿੱਚ ਵਫ਼ਦ ਹਲਕਾ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲਿਆ। ਵਫ਼ਦ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਚੋਣਾਂ ਤੋਂ ਪਹਿਲਾਂ ਦਿੱਤੀ ਗਾਰੰਟੀ ਯਾਦ ਕਰਵਾ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸਬੰਧੀ ਮੰਗ ਪੱਤਰ ਸੌਂਪਿਆ। ਵਿਧਾਇਕ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਜਨਵਰੀ 2004 ਤੋਂ ਬਾਅਦ ਦੇ ਭਰਤੀ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਉਹ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਤੱਕ ਪਹੁੰਚਦਾ ਕਰਨਗੇ। ਇਸ ਸਮੇਂ ਰਵਿੰਦਰ ਸਿੰਘ ਦੋਰਾਹਾ, ਬੇਅੰਤ ਸਿੰਘ ਫਤਿਹਪੁਰ, ਅਨਿਲ ਕੁਮਾਰ, ਸੰਦੀਪ ਸਿੰਘ ਮਹਿੰਦੀਪੁਰ, ਗੁਰਪ੍ਰੀਤ ਨਸਰਾਲੀ, ਬਲਵੀਰ ਘਲੋਟੀ, ਖੁਸ਼ਿਵੰਦਰ ਘਲੋਟੀ, ਅਮਨਇੰਦਰ ਘੁਡਾਣੀ, ਰਵਿੰਦਰ ਮਕਸੂਦੜਾ, ਸੁਖਵੀਰ ਗੋਬਿੰਦਪੁਰਾ, ਬਲਵਿੰਦਰ ਗੁਰਮ, ਯਾਦਵਿੰਦਰ ਚੀਮਾ, ਸਵਰਨ ਸਿੰਘ ਕਟਾਹਰੀ, ਹਰਬੰਸ ਸਿੰਘ ਜਟਾਣਾ, ਚਮਕੌਰ ਬਿਲਾਸਪੁਰ, ਚਮਕੌਰ ਘੁਡਾਣੀ ਆਦਿ ਹਾਜ਼ਰ ਸਨ।
ਅਧਿਆਪਕਾਂ ਨੇ ਵਿਧਾਇਕ ਗੱਜਣਮਾਜਰਾ ਨੂੰ ਮੰਗ ਪੱਤਰ ਸੌਂਪਿਆ
ਕੁੱਪ ਕਲਾਂ (ਪੱਤਰ ਪ੍ਰੇਰਕ): ਕੰਪਿਊਟਰ ਅਧਿਆਪਕ ਯੂਨੀਅਨ ਬਲਾਕ ਅਹਿਮਦਗੜ੍ਹ ਵੱਲੋਂ ਆਪਣੀਆਂ ਮੰਗਾਂ ਸਬੰਧੀ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ। ਪੱਤਰ ਵਿਚ ਅਧਿਆਪਕਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਾਲ 2010 ਵਿਚ ਤਤਕਾਲੀਨ ਪੰਜਾਬ ਸਰਕਾਰ ਨੇ ਰਾਜਪਾਲ ਅਤੇ ਮੰਤਰੀ ਮੰਡਲ ਦੀ ਮਨਜ਼ੂਰੀ ਉਪਰੰਤ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਫ਼ੈਸਲਾ ਕੀਤਾ ਸੀ। ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਜੁਲਾਈ 2011 ਤੋਂ ਨੋਟੀਫਿਕੇਸ਼ਨ ਜਾਰੀ ਕਰਕੇ ਵੋਕੇਸ਼ਨਲ ਮਾਸਟਰ ਦੇ ਬਰਾਬਰ ਗਰੇਡ ਦਿੰਦੇ ਹੋਏ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਰੈਗੂਲਰ ਕਰਨ ਉਪਰੰਤ 10 ਸਾਲ ਤੋਂ ਵੱਧ ਦਾ ਸਮਾਂ ਬੀਤਣ ਬਾਅਦ ਵੀ ਸਿੱਖਿਆ ਵਿਭਾਗ ਵੱਲੋਂ ਪਿਕਟਸ ਸੁਸਾਇਟੀ ਦਾ ਬਹਾਨਾ ਬਣਾ ਕੇ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਜਾਇਜ਼ ਅਤੇ ਹੱਕੀ ਰੈਗੂਲਰ ਸੇਵਾ ਦੇ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੇ ਬਾਕੀ ਕਰਮਚਾਰੀਆਂ ਵਾਂਗ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਸੇਵਾਵਾਂ ਦੇ ਲਾਭਾਂ ਨੂੰ ਲਾਗੂ ਕੀਤਾ ਜਾਵੇ।