ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੁਲਾਈ
ਸਮਾਜ ਨੂੰ ਅੰਧ-ਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਤੋਂ ਮੁਕਤ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਲਗਾਤਾਰ ਯਤਨਸ਼ੀਲ ਹੈ। ਇਸ ਸੰਸਥਾ ਵੱਲੋਂ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਕ ਨਜ਼ਰੀਆ ਵਿਕਸਤ ਕਰਨ ਲਈ ਵਿਸ਼ੇਸ਼ ਸਿਲੇਬਸ ਦੀ ਕਿਤਾਬ ਤਿਆਰ ਕਰ ਕੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਦਿੱਤੀ ਜਾਂਦੀ ਹੈ ਤੇ ਇਸ ਦੇ ਆਧਾਰ ’ਤੇ ਹਰ ਸਾਲ ਵਿਦਿਆਰਥੀਆਂ ਦੀ ਚੇਤਨਾ ਦੀ ਇੱਕ ਪ੍ਰੀਖਿਆ ਰਾਹੀਂ ਪਰਖ ਕੀਤੀ ਜਾਂਦੀ ਹੈ।
ਇਸ ਵਾਰ ਇਹ ਚੌਥੀ ਸਾਲਾਨਾ ਪ੍ਰੀਖਿਆ 24, 25 ਜੁਲਾਈ ਨੂੰ ਪੰਜਾਬ ਪੱਧਰ ’ਤੇ ਲਈ ਗਈ ਜਿਸ ਵਿੱਚ ਲੁਧਿਆਣਾ ਜ਼ੋਨ ਵਿੱਚ ਪੈਂਦੀਆਂ ਇਕਾਈਆਂ ਕੋਹਾੜਾ, ਮਾਲੇਰਕੋਟਲਾ, ਜਗਰਾਓਂ ਤੇ ਲੁਧਿਆਣਾ ਨੇ ਆਪੋ-ਆਪਣੇ ਖੇਤਰਾਂ ਦੇ ਚੋਣਵੇਂ ਸਕੂਲਾਂ ਵਿੱਚ ਉਚੇਚੇ ਤੌਰ ’ਤੇ ਪ੍ਰਬੰਧ ਕੀਤੇ।
ਤਰਕਸ਼ੀਲ ਸੁਸਾਇਟੀ ਦੇ ਜਥੇਬੰਦਕ ਜ਼ੋਨ ਮੁਖੀ ਜਸਵੰਤ ਜੀਰਖ ਨੇ ਦੱਸਿਆ ਕਿ ਜ਼ੋਨ ਲੁਧਿਆਣਾ ਵਿੱਚੋਂ ਇਸ ਪ੍ਰੀਖਿਆ ਵਿੱਚ ਦੋ ਗਰੁੱਪਾਂ (6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ) ਦੇ ਕੁੱਲ 1056 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 669 ਲੜਕੀਆਂ ਅਤੇ 387 ਲੜਕੇ ਸ਼ਾਮਲ ਹਨ।