ਗਗਨਦੀਪ ਅਰੋੜਾ
ਲੁਧਿਆਣਾ, 15 ਜੁਲਾਈ
ਸਨਅਤੀ ਸ਼ਹਿਰ ਦੇ ਵਿੱਚੋਂ-ਵਿਚ ਲੰਘਣ ਵਾਲੇ ਬੁੱਢਾ ਦਰਿਆ ਦੀ ਸਫ਼ਾਈ ’ਤੇ ਖ਼ਰਚ ਹੋਏ ਕਰੋੜਾਂ ਰੁਪਏ ਦਾ ਹਿਸਾਬ ਲੈਣ ਦੇ ਲਈ ਅੱਜ ਗੁਰੂ ਨਾਨਕ ਦੇਵ ਭਵਨ ਵਿੱਚ ਸ਼ੇਰੇ ਪੰਜਾਬ ਅਕਾਲੀ ਦਲ ਅਤੇ ਸਨਅਤਕਾਰ ਅਤੇ ਵਾਤਾਵਰਨ ਪ੍ਰੇਮੀਆਂ ਦੀ ਸਾਂਝੀ ਕਨਵੈਨਸ਼ਨ ਹੋਈ। ਇਸ ਦੌਰਾਨ ਸਭ ਨੇ ਇਕੱਠੇ ਹੋ ਕੇ ਗੁਰੂ ਨਾਨਕ ਭਵਨ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਵੀ ਕੀਤਾ। ਇਸ ਦੌਰਾਨ ਮੰਗ ਪੱਤਰ ਦੇਣ ਦੇ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੰਦਰ ਜਾਣ ਦੇ ਮੁੱਦੇ ’ਤੇ ਵਾਤਾਵਰਨ ਪ੍ਰੇਮੀਆਂ ਅਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਬਹਿਸ ਵੀ ਹੋਈ।
ਇਸ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਅੱਜ ਤੱਕ ਦਰਿਆ ’ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਬਾਵਜੂਦ ਇਸਦੇ ਦਰਿਆ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਇਹ ਲੋਕਾਂ ਲਈ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦੇ ਨਾਲ ਨਾਲ ਹੜ੍ਹ ਵਰਗੀ ਸਥਿਤੀ ਵੀ ਬੁੱਢੇ ਦਰਿਆ ਕਰ ਕੇ ਬਣੀ ਹੋਈ ਹੈ। ਹਾਲੇ ਵੀ ਬੁੱਢਾ ਦਰਿਆ ਦੀ ਕਾਇਆਕਲਪ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਹੈ ਪਰ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਅਜਿਹੇ ’ਚ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਵਿੱਚ ਜ਼ਿੰਮੇਵਾਰ ਅਫ਼ਸਰਾਂ ਅਤੇ ਲੋਕਾਂ ਖਿਲਾਫ਼ ਕਾਰਵਾਈ ਨਾਲ ਹੋਈ ਤਾਂ ਉਹ ਨਿਗਮ ਦਫ਼ਤਰ ਦਾ ਘਿਰਾਓ ਕਰਨਗੇ।
ਇਸ ਤੋਂ ਇਲਾਵਾ ਜਥੇਬੰਦੀ ਦੇ ਮੈਂਬਰਾਂ ਨੇ ਗੁਰੂ ਨਾਨਕ ਦੇਵ ਭਵਨ ਤੋਂ ਮਿਨੀ ਸਕੱਤਰੇਤ ਤੱਕ ਰੋਸ ਮਾਰਚ ਵੀ ਕੀਤਾ। ਬੁੱਢਾ ਦਰਿਆ ’ਤੇ ਹੋਏ ਖਰਚੇ ਦਾ ਹਿਸਾਬ ਮੰਗਣ ਲਈ ਡੀਸੀ ਦਫ਼ਤਰ ਜਾ ਰਹੇ ਮੈਂਬਰਾਂ ਨੂੰ ਪੁਲੀਸ ਨੇ ਰੋਕਿਆ ਤਾਂ ਉਨ੍ਹਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਮੈਂਬਰਾਂ ਨੇ ਆਪਣੀਆਂ ਮੰਗਾਂ ਨਾਲ ਸਬੰਧਤ ਇੱਕ ਮੰਗ ਪੱਤਰ ਵੀ ਦਿੱਤਾ। ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਬੂਟਾ ਸਿੰਘ, ਜਨਰਲ ਸਕੱੱਤਰ ਬਲਵਿੰਦਰ ਸਿੰਘ ਤੇ ਖਜ਼ਾਨਚੀ ਤਰੁਣ ਜੈਨ ਬਾਵਾ ਨੇ ਕਿਹਾ ਕਿ ਬੁੱਢਾ ਦਰਿਆ ਦਾ ਗੰਦਾ ਪਾਣੀ ਸਤਲੁਜ ਦਰਿਆ ਨੂੰ ਵੀ ਗੰਧਲਾ ਕਰ ਰਿਹਾ ਹੈ। ਇਸ ਖ਼ਿਲਾਫ਼ ਅਕਾਲੀ ਦਲ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਸੰਘਰਸ਼ ਕਰੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਮੁੱਦੇ ’ਤੇ ਆਰ-ਪਾਰ ਦਾ ਸੰਘਰਸ਼ ਕੀਤਾ ਜਾਵੇਗਾ ਤੇ ਦਰਿਆ ਦੇ ਨਾਮ ’ਤੇ ਹੋ ਰਹੀ ਲੁੱਟ ਵੀ ਬੰਦ ਕਰਵਾਈ ਜਾਵੇਗੀ। ਇਸ ਮੌਕੇ ਸਰਵਜੀਤ ਸਿੰਘ, ਬਲਜੀਤ ਸਿੰਘ, ਰਜਤ ਸੂਦ, ਅਸ਼ੋਕ ਮੱਕੜ, ਰਾਹੁਲ ਵਰਮਾ, ਰਾਜੀਵ ਸੂਦ, ਅਜੀਤ ਲਾਕੜਾ ਸਮੇਤ ਕਈ ਹੋਰ ਵਪਾਰੀ ਮੌਜੂਦ ਸਨ।