ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੁਲਾਈ
ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਸਮੂਹ ਕਿਸਾਨਾਂ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡਾਂ ਅਤੇ ਦੇਸ਼ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਵਿੱਚ ਤ੍ਰਿਵੈਣੀਆਂ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿੱਚ ਇਨ੍ਹਾਂ ਕਿਸਾਨਾਂ ਦੀ ਯਾਦ ਵਿੱਚ ਪਿੱਪਲ, ਨਿੰਮ ਅਤੇ ਬੋਹੜ ਦੇ ਤਿੰਨ ਦਰਖਤ ਲਗਾ ਕੇ ਤ੍ਰਿਵੈਣੀ ਸਥਾਪਿਤ ਕੀਤੀ ਗਈ ਹੈ। ਇਹ ਤ੍ਰਿਵੈਣੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਆਤਮ ਪਰਗਾਸ ਦੇ ਚੇਅਰਮੈਨ ਡਾ. ਵਰਿੰਦਰਪਾਲ ਸਿੰਘ, ਡਾਇਰੈਕਟਰ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ, ਡਾਇਰੈਕਟਰ ਵਿਦਿਆਰਥੀ ਭਲਾਈ ਡਾ .ਰਾਮਪਾਲ ਦੀ ਹਾਜ਼ਰੀ ਵਿੱਚ ਲਾਈ ਗਈ। ਆਤਮ ਪਰਗਾਸ ਦੇ ਚੇਅਰਮੈਨ ਡਾ. ਵਰਿੰਦਰਪਾਲ ਨੇ ਦੱਸਿਆ ਕਿ ਸਾਉਣ ਵਿੱਚ ਪਿੰਡਾਂ ਵਿੱਚ ਤ੍ਰਿਵੈਣੀਆਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਜ਼ਖਮੀ ਹੋਏ ਜਾਂ ਅਕਾਲ ਚਲਾਣਾ ਕਰ ਗਏ 1035 ਪਰਿਵਾਰਾਂ ਦੀ ਜਾਣਕਾਰੀ ਮਿਲੀ ਸੀ, ਜਿਨ੍ਹਾਂ ਵਿੱਚੋਂ 1019 ਪਰਿਵਾਰਾਂ ਦੀ ਭਾਲ ਕਰਕੇ ਮੁਲਾਂਕਣ ਮੁਕੰਮਲ ਕਰ ਲਏ ਗਏ ਹਨ ਅਤੇ ਲੋੜਵੰਦ ਪਰਿਵਾਰਾਂ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸਿਰਫ 16 ਪਰਿਵਾਰਾਂ ਦੀ ਭਾਲ ਬਾਕੀ ਹੈ। ਹਰ ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਇੱਕ-ਇੱਕ ਪੜ੍ਹੇ ਲਿਖੇ ਵਿਅਕਤੀ ਨੂੰ ਕੋਆਰਡੀਨੇਟਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਇਹ ਕੋਆਰਡੀਨੇਟਰ ਸਬੰਧਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ, ਖੇਤੀਬਾੜੀ ਅਤੇ ਹੋਰ ਲੋੜਾਂ ਵਿੱਚ ਸਹਿਯੋਗ ਕਰਨ ਲਈ ਪਰਿਵਾਰਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣਗੇ।