ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਨਵੰਬਰ
ਮਾਲਵੇ ਤੇ ਦੋਆਬੇ ਨੂੰ ਜੋੜਦੇ ਖੰਨਾ ਤੇ ਨਵਾਂਸ਼ਹਿਰ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਕਰੀਬ ਇੱਕ ਮਹੀਨਾ ਪਹਿਲਾਂ ਧਸ ਗਈ ਸੀ ਜਿਸ ਦੀ ਕਿ ਹਾਲੇ ਤੱਕ ਮੁਰੰਮਤ ਸ਼ੁਰੂ ਨਹੀਂ ਹੋਈ ਹੈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲ ਦੀ ਸਲੈਬ ਧਸਣ ਕਾਰਨ ਨਵਾਂਸ਼ਹਿਰ ਪ੍ਰਸ਼ਾਸਨ ਵੱਲੋਂ ਇਸ ’ਤੇ ਭਾਰੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਸੀ ਜਿਸ ਕਾਰਨ ਟਰਾਂਸਪੋਰਟਰਾਂ ਦੇ ਟਰੱਕ ਤੇ ਟਿੱਪਰ ਚਾਲਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਕਈ ਕਿਲੋਮੀਟਰ ਲੰਬਾ ਪੈਂਡਾ ਤੈਅ ਕਰਕੇ ਜਾਣਾ ਪੈ ਰਿਹਾ ਹੈ। ਬਦਲਵੇਂ ਰੂਟਾਂ ’ਤੇ ਜਾਣ ਕਾਰਨ ਟਰਾਂਸਪੋਰਟਰਾਂ ਨੂੰ ਰੋਜ਼ਾਨਾਂ ਲੱਖਾਂ ਰੁਪਏ ਦਾ ਡੀਜ਼ਲ ਵੱਧ ਫੂਕਣਾ ਪੈ ਰਿਹਾ ਹੈ ਪਰ ਪ੍ਰਸਾਸ਼ਨ ਤੇ ਲੋਕ ਨਿਰਮਾਣ ਵਿਭਾਗ ਲੋਕਾਂ ਦੀ ਸਮੱਸਿਆ ਤੋਂ ਅਣਜਾਣ ਇਸ ਪੁਲ ਦੀ ਧੱਸੀ ਸਲੈਬ ਦੀ ਇੱਕ ਮਹੀਨੇ ਬੀਤਣ ਦੇ ਬਾਵਜੂਦ ਮੁਰੰਮਤ ਨਹੀਂ ਕਰਵਾ ਸਕੇ ਹਨ। ਸ੍ਰੀਨਗਰ ਤੋਂ ਲੈ ਕੇ ਦਿੱਲੀ ਅਤੇ ਹਿਮਾਚਲ ਤੋਂ ਪੰਜਾਬ ਨੂੰ ਖਣਿਜ ਪਦਾਰਥ ਲੈ ਕੇ ਆਉਣ ਵਾਲੇ ਹਜ਼ਾਰਾਂ ਟਰੱਕਾਂ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਤੋਂ ਹਿਮਾਚਲ ਨੂੰ ਲੋਹਾ ਲੈ ਕੇ ਜਾਣ ਵਾਲੇ ਵਾਹਨ ਇਸ ਪੁਲ ਤੋਂ ਗੁਜ਼ਰਦੇ ਸਨ ਪਰ ਇੱਥੇ ਹੁਣ ਭਾਰੀ ਆਵਾਜਾਈ ਦੇ ਬੰਦ ਹੋਣ ਕਾਰਨ ਇਹ ਸਾਰੇ ਵਾਹਨ ਵਾਇਆ ਲੁਧਿਆਣਾ, ਰੋਪੜ ਹੋ ਕੇ ਕਈ ਕਿਲੋਮੀਟਰ ਵਾਧੂ ਪੈਂਡਾ ਤੈਅ ਕਰਦੇ ਹਨ। ਅੱਜ ਖਣਿਜ ਪਦਾਰਥ ਢੋਅ ਰਹੇ ਟਰਾਂਸਪੋਰਟਰਾਂ ਨੇ ਕਿਹਾ ਕਿ 1 ਮਹੀਨੇ ਤੋਂ ਉਨ੍ਹਾਂ ਨੂੰ ਰੋਜ਼ਾਨਾ ਵਾਧੂ ਡੀਜ਼ਲ ਫੂਕ ਕੇ ਮਾਲ ਦੀ ਢੋਆ-ਢੁਆਈ ਕਰਨੀ ਪੈ ਰਹੀ ਹੈ ਅਤੇ ਉਹ ਬੇਹੱਦ ਘਾਟੇ ਦੇ ਸ਼ਿਕਾਰ ਹੋ ਰਹੇ ਹਨ। ਟਰਾਂਸਪੋਰਟਰਾਂ ਨੇ ਕਿਹਾ ਕਿ ਇਸ ਮਹੱਤਵਪੂਰਨ ਮਾਰਗ ’ਤੇ ਪੈਂਦੇ ਪੁਲ ਦੀ ਮੁਰੰਮਤ ਮਹੀਨੇ ਬਾਅਦ ਵੀ ਸ਼ੁਰੂ ਨਹੀਂ ਕਰਵਾਈ ਗਈ ਹੈ, ਜਦਕਿ ਉਨ੍ਹਾਂ ਨੂੰ ਰੋਜ਼ਾਨਾ ਪੱਧਰ ’ਤੇ ਪੁਲ ਬੰਦ ਹੋਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਟਰਾਂਸਪੋਰਟਰਾਂ ਨੇ ਲੋਕ ਨਿਰਮਾਣ ਵਿਭਾਗ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਸਤਲੁਜ ਪੁਲ ਦੀ ਧੱਸੀ ਸਲੈਬ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਦਾ ਰੋਜ਼ਾਨਾ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਾਅ ਹੋ ਸਕੇ।
ਕੀ ਕਹਿਣਾ ਹੈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਦਾ
ਨਵਾਂਸ਼ਹਿਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਐੱਸਡੀਓ ਹਿਮਾਂਸ਼ੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਤੀ 4 ਤਰੀਕ ਨੂੰ ਵਿਭਾਗ ਦੀ ਇੱਕ ਟੀਮ ਨੇ ਪੁਲ ਦੀ ਧਸੀ ਸਲੈਬ ਦੀ ਜਾਂਚ ਕਰਨ ਆਉਣਾ ਸੀ ਪਰ ਉਹ ਕਿਸੇ ਕਾਰਨ ਨਹੀਂ ਆਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦੁਬਾਰਾ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ ਕਿ ਇਸ ਪੁਲ ਦੀ ਨਿਰੀਖਣ ਕੀਤਾ ਜਾਵੇ ਤਾਂ ਜੋ ਇਸ ਧੱਸੀ ਸਲੈਬ ਦਾ ਤਖਮੀਨਾ ਤਿਆਰ ਕਰ ਇਸ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਅਤੇ ਇਸ ਸਬੰਧੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਪੁਲ ਦੀ ਸਲੈਬ ਦੀ ਮੁਰੰਮਤ ਜਲਦ ਸ਼ੁਰੂ ਹੋ ਸਕੇ।