ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 25 ਸਤੰਬਰ
ਸਮਰਾਲਾ-ਮਾਛੀਵਾੜਾ ਰਾਹੋਂ ਰੋਡ ਕਰੀਬ 20 ਕਿਲੋਮੀਟਰ ਲੰਬੀ ਖਸਤਾ ਹਾਲ ਸੜਕ ਕਾਰਨ ਰਾਹਗੀਰ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ। ਨਵੀਂ ਸਰਕਾਰ ਅੱਧਾ ਸਾਲ ਲੰਘ ਗਿਆ ਹੈ ਪਰ ਇਸ ਦੇ ਨਿਰਮਾਣ ਨੂੰ ਲੈ ਕੇ ਆਗੂਆਂ ਦੇ ਲਾਰੇ ਜਾਰੀ ਹਨ। ਮਾਲਵੇ ਤੇ ਦੋਆਬੇ ਨੂੰ ਜੋੜਦੀ ਇਸ ਪ੍ਰਮੁੱਖ ਸੜਕ ਤੋਂ ਰੋਜ਼ਾਨਾ ਹੀ ਜਿੱਥੇ ਹਜ਼ਾਰਾਂ ਵਾਹਨ ਲੰਘਦੇ ਹਨ ਉੱਥੇ ਇਤਿਹਾਸਕ ਸ਼ਹਿਰ ਮਾਛੀਵਾੜਾ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਸ਼ਰਧਾਲੂ ਦੂਰ-ਦੁਰਾਡੇ ਤੋਂ ਆਉਂਦੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਇਹ ਵਾਅਦੇ ਕਰਦੇ ਨਹੀਂ ਸੀ ਥੱਕਦੇ ਕਿ ਸਰਕਾਰ ਬਣਦਿਆਂ ਹੀ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ ਪਰ ਫਿਲਹਾਲ ਤਾਂ 6 ਮਹੀਨੇ ਲਾਰਿਆਂ ਵਿੱਚ ਹੀ ਲੰਘ ਗਏ, ਉੱਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਜੇ ਤੱਕ ਸੜਕ ਦਾ ਟੈਂਡਰ ਤੱਕ ਨਹੀਂ ਹੋਇਆ।
ਜਦੋਂ ਇਸ ਸਬੰਧੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਸਤਾ ਹਾਲਤ ਸੜਕਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ ਅਤੇ ਉਨ੍ਹਾਂ ਵਲੋਂ ਇਹ ਸਮੱਸਿਆ ਲੋਕ ਨਿਰਮਾਣ ਵਿਭਾਗ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਸੀ। ਵਿਧਾਇਕ ਦਿਆਲਪੁਰਾ ਨੇ ਦਾਅਵਾ ਕੀਤਾ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਇਸ ਸਾਲ ਹੀ ਹੋਵੇਗਾ ਅਤੇ ਲੋਕਾਂ ਦੀ ਪ੍ਰੇਸ਼ਾਨੀ ਜਲਦ ਦੂਰ ਹੋਵੇਗੀ।
ਸਰਕਾਰ ਵਲੋਂ ਫੰਡਾਂ ਦੀ ਪ੍ਰਵਾਨਗੀ ਤੋਂ ਬਾਅਦ ਟੈਂਡਰ ਲੱਗੇਗਾ: ਅਧਿਕਾਰੀ
ਪੰਜਾਬ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਪੁਨੀਤ ਕਲਿਆਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਮਰਾਲਾ-ਮਾਛੀਵਾੜਾ ਰਾਹੋਂ ਰੋਡ ਅਤੇ ਸ੍ਰੀ ਝਾੜ ਸਾਹਿਬ ਤੋਂ ਮਾਛੀਵਾੜਾ ਨੂੰ ਜੋੜਦੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਸੜਕ ਦੇ ਤਖਮੀਨੇ ਬਣਾ ਕੇ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ, ਜਦੋਂ ਫੰਡਾਂ ਦੀ ਪ੍ਰਵਾਨਗੀ ਆ ਜਾਵੇਗੀ ਉਸ ਤੋਂ ਬਾਅਦ ਟੈਂਡਰ ਲੱਗੇਗਾ ਜਿਸ ਤੋਂ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ