ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਮਈ
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਸੱਦੇ ’ਤੇ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 126ਵੇਂ ਜਨਮ ਦਿਹਾੜੇ ’ਤੇ ਇਨਕਲਾਬੀ ਸਮਾਗਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਐਡਵੋਕੇਟ ਕੁਲਦੀਪ ਸਿੰਘ, ਡਾ. ਜਸਬੀਰ ਕੌਰ ਜੋਧਾਂ, ਉਜਾਗਰ ਸਿੰਘ ਬੱਦੋਵਾਲ, ਜਸਦੇਵ ਸਿੰਘ ਲਲਤੋਂ ਤੇ ਐਡਵੋਕੇਟ ਗੁਰਚਰਨਜੀਤ ਸਿੰਘ ਨੇ ਕੀਤੀ। ਸਮਾਗਮ ਦੇ ਅਰੰਭ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ ਦੂਜੇ ਚਰਨ ਵਿੱਚ ਇਨਕਲਾਬੀ ਗੀਤਾਂ, ਕਵਿਤਾਵਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਸਦੇਵ ਲਲਤੋਂ ਨੇ ਸ਼ਹੀਦ ਸਰਾਭਾ ਦੇ ਸੰਗਰਾਮੀ ਜੀਵਨ, ਮਿਸਾਲੀ ਜੱਦੋਜਹਿਦ, ਗਦਰ ਪਾਰਟੀ ਅੰਦਰ ਨਿਭਾਏ ਇਤਿਹਾਸਕ ਤੇ ਵਿਲੱਖਣ ਰੋਲ, ਸ਼ਾਨਾਮੱਤੀ ਤਿਆਗ ਤੇ ਕੁਰਬਾਨੀ ਬਾਰੇ ਚਾਨਣਾ ਪਾਇਆ। ਆਗੂਆਂ ਨੇ ਬਸਤੀਵਾਦੀ ਦੌਰ ’ਤੇ ਮੌਜੂਦਾ ਕਾਰਪੋਰੇਟੀ ਦੌਰ ਦੀ ਲੁੱਟ ਤੇ ਜਬਰ ਬਾਰੇ, ਗਦਰੀ ਪਾਰਟੀ ਦੇ ਅਧੂਰੇ ਕਾਰਜਾਂ ਬਾਰੇ, ਸ਼ਹੀਦਾਂ ਦੇ ਵਾਰਸਾਂ ਦੇ ਅਜੋਕੇ ਫਰਜ਼ਾਂ ਬਾਰੇ, ਦਲਿਤਾਂ ਸਮੇਤ ਸਮੂਹ ਮਿਹਨਤਕਸ਼ ਜਨਤਾ ’ਤੇ ਆਏ ਦਿਨ ਵਧ ਰਹੇ ਫਿਰਕੂ-ਫਾਸ਼ੀ ਤੇ ਹਕਮੂਤੀ ਹਮਲਿਆਂ ਦਾ ਟਾਕਰਾ ਕਰਨ ਦਾ ਹੋਕਾ ਦਿੱਤਾ।