ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਪਰੈਲ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਮਾਗਮ ਹੋਇਆ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ 14 ਪਿੰਡ ਪ੍ਰਧਾਨਾਂ ਅਤੇ ਪਿੰਡ ਕਮੇਟੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ। ਇਸ ਮੌਕੇ ਬੁਲਾਰਿਆਂ ਨੇ ਕਿਸਾਨ ਮਜ਼ਦੂਰ ਹਿੱਤਾਂ ਲਈ ਸਾਂਝੀ ਲਹਿਰ ਪ੍ਰਚੰਡ ਕਰਨ ਦਾ ਅਹਿਦ ਲਿਆ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਪਹਿਲਾਂ ਵਾਂਗ ਅੱਗੇ ਹੋ ਕੇ ਲਾਗੂ ਕਰਨ ਦਾ ਫ਼ੈਸਲਾ ਹੋਇਆ। ਬੁਲਾਰਿਆਂ ਨੇ ਕਿਸਾਨਾਂ ਨੂੰ ਮੋਦੀ ਹਕੂਮਤ ਵੱਲੋਂ ‘ਸਾਜਿਸ਼’ ਤਹਿਤ ਪੰਜਾਬ ’ਤੇ ਬੋਲੇ ਜਾ ਰਹੇ ਹੱਲੇ ਬਾਰ ਚੌਕਸ ਕਰਦਿਆਂ ਕਿਸਾਨ ਅੰਦੋਲਨ ਮਗਰੋਂ ਲਏ ਕਈ ਪੰਜਾਬ ਵਿਰੋਧੀ ਫ਼ੈਸਲਿਆਂ ਦਾ ਜ਼ਿਕਰ ਕੀਤਾ। ਇਸ ਮੌਕੇ ਹੱਥ ਖੜ੍ਹੇ ਕਰਕੇ ਸਮਾਰਟ ਮੀਟਰ ਨਾ ਲੱਗਣ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਹੋਈ। ਕਿਸਾਨ ਅੰਦੋਲਨ ’ਚ ਯੋਗਦਾਨ ਪਾਉਣ ਵਾਲੇ ਬੀਬੀ ਕਰਮਜੀਤ ਕੌਰ ਗੁੜੇ, ਚਮਕੌਰ ਸਿੰਘ ਖੰਜਰਵਾਲ, ਅਵਤਾਰ ਸਿੰਘ ਤਲਵੰਡੀ, ਪਿਆਰਾ ਸਿੰਘ, ਕਰਨੈਲ ਸਿੰਘ ਗੁੜੇ, ਸੋਖਾ ਸਿੰਘ ਮਾਨ ਆਦਿ ਨੂੰ ਸਨਮਾਨਿਤ ਕੀਤਾ ਗਿਆ।