ਗੁਰਿੰਦਰ ਸਿੰਘ
ਲੁਧਿਆਣਾ 6 ਦਸੰਬਰ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਚੱਲ ਰਹੇ 29ਵੇਂ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਅੱਜ ਸੰਤਾਂ, ਢਾਡੀ ਜਥਿਆਂ ਅਤੇ ਵਿਦਵਾਨਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸੰਗਤ ਨੂੰ ਸੰਘਰਸ਼ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੌਰਾਨ ਸੰਤ ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਸੰਤ ਦਰਸ਼ਨ ਸਿੰਘ, ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਗਿਆਨੀ ਇਕਬਾਲ ਸਿੰਘ, ਬਾਬਾ ਜਗਜੀਤ ਸਿੰਘ ਹਰਖੋਵਾਲ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਰਣਜੀਤ ਸਿੰਘ ਜਲੰਧਰ ਸ਼ਾਮਲ ਹੋਏ। ਕਈ ਸੰਤਾਂ ਨੇ ਭਲਕੇ ਸਿੰਘੂ ਬਾਰਡਰ ਦੇ ਧਰਨੇ ਵਿੱਚ ਵੀ ਸੰਗਤ ਸਣੇ ਸ਼ਾਮਲ ਹੋਣ ਦਾ ਐਲਾਨ ਕੀਤਾ। ਪ੍ਰੋ. ਸੁਰਜੀਤ ਸਿੰਘ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੂੰ ਸਾਲਾਨਾ ਗੁਰਮਿਤ ਸੰਗੀਤ ਐਵਾਰਡ ਪ੍ਰਦਾਨ ਕੀਤਾ ਗਿਆ।