ਗਗਨਦੀਪ ਅਰੋੜਾ
ਲੁਧਿਆਣਾ, 9 ਦਸੰਬਰ
ਲੁਧਿਆਣਾ ਬੱਸ ਅੱਡੇ ਦੇ ਮੁੱਖ ਗੇਟ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਯਾਤਰੀਆਂ ਨੂੰ ਈਵੀਐੱਮ ਜ਼ਰੀਏ ਵੋਟ ਪਾਉਣ ਦਾ ਤਰੀਕਾ ਦੱਸਿਆ ਜਾ ਰਿਹਾ ਹੈ। ਨੌਜਵਾਨ ਯਾਤਰੀ ਜਦੋਂ ਬੱਸ ਅੱਡੇ ’ਤੇ ਪੁੱਜਦੇ ਹਨ ਤਾਂ ਮੁੱਖ ਗੇਟ ਦੇ ਨਾਲ ਵਿਸ਼ੇਸ਼ ਕਾਊਂਟਰ ਲਾਇਆ ਗਿਆ ਹੈ। ਇਸ ’ਤੇ ਤਾਇਨਾਤ ਅਧਿਕਾਰੀ ਨੌਜਵਾਨਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੋਟ ਪਾਉਣ ਦੀ ਪ੍ਰਕਿਰਿਆ ਕੀ ਹੋਵੇਗੀ। ਕਾਊਂਟਰ ’ਤੇ ਨੌਜਵਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਵੋਟਰ ਸੂਚੀ ’ਚ ਦਰਜ ਨਾਮ ’ਤੇ ਵੋਟ ਨੰਬਰ ਗਿਣਤੀ ਦੀ ਸਲਿੱਪ ਲੈ ਕੇ ਅੰਦਰ ਪੋਲਿੰਗ ਬੂਥ ’ਤੇ ਵੋਟ ਪਾਉਣ ਜਾਣਗੇ। ਉੱਥੇ ਉਨ੍ਹਾਂ ਦੀ ਵੋਟਰ ਸੂਚੀ ’ਚੋਂ ਪਛਾਣ ਕੀਤੀ ਜਾਵੇਗੀ ਤੇ ਜਦੋਂ ਉਨ੍ਹਾਂ ਦਾ ਨਾਮ ਸਲਿੱਪ ’ਤੇ ਲਿਖੇ ਹੋਏ ਨੰਬਰ ਨਾਲ ਮਿਲ ਜਾਵੇਗਾ ਤਾਂ ਉਨ੍ਹਾਂ ਨੂੰ ਵੋਟ ਪਾਉਣ ਲਈ ਅੰਦਰ ਭੇਜਿਆ ਜਾਵੇਗਾ। ਉਸ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਦੀ ਇੱਕ ਉਗਂਲ ’ਤੇ ਵੋਟਿੰਗ ਕਲਰ ਲਾਇਆ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਆਪਣੀ ਵੋਟ ਪਾਈ ਹੈ। ਉਂਗਲੀ ’ਤੇ ਨਿਸ਼ਾਨ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਕੋਲ ਭੇਜਿਆ ਜਾਵੇਗਾ, ਜਿੱਥੇ ਪਰਦਾ ਲੱਗਿਆ ਹੋਵੇਗਾ। ਪਰਦੇ ਦੇ ਅੰਦਰ ਈਵੀਐਮ ਮਸ਼ਨਿ ’ਤੇ ਉਨ੍ਹਾਂ ਬਟਨ ਦਬਾਉਣਾ ਹੋਵੇਗਾ। ਵੋਟ ਕਿਸ ਉਮੀਦਵਾਰ ਨੂੰ ਦੇਣੀ ਹੈ, ਇਸਦਾ ਫੈਸਲਾ ਉਨ੍ਹਾਂ ਖੁਦ ਕਰਨਾ ਹੈ। ਅੰਦਰ ਈਵੀਐਮ ’ਚ ਦਰਜ ਸਾਰੇ ਉਮੀਦਵਾਰਾਂ ਨੂੰ ਦੇਖਦੇ ਹੋਏ, ਜਿਸ ਉਮੀਦਵਾਰ ਨੂੰ ਵੋਟ ਪਾਉਣੀ ਹੈ, ਉਸ ਦੇ ਸਾਹਮਣੇ ਵਾਲਾ ਬਟਨ ਉਹ ਇੱਕ ਵਾਰ ਦਬਾਉਣਗੇ। ਬਟਨ ਦਬਾਉਣ ਤੋਂ ਬਾਅਦ ਵੋਟ ਪੈ ਜਾਵੇਗੀ ਤੇ ਵੋਟ ਪਾਉਣ ਵਾਲਾ ਬਾਹਰ ਆ ਸਕਦਾ ਹੈ।