ਗਗਨਦੀਪ ਅਰੋੜਾ
ਲੁਧਿਆਣਾ, 21 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਦੀਆਂ 14 ਸੀਟਾਂ ਲਈ ਪਈਆਂ ਵੋਟਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ’ਚ ਰਖਵਾ ਦਿੱਤਾ ਗਿਆ ਹੈ। ਸਖ਼ਤ ਸੁਰੱਖਿਆ ਹੇਠ ਮਸ਼ੀਨਾਂ ਕਮਰੇ ’ਚ ਰੱਖ ਕੇ ਬਾਹਰੋਂ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ’ਚ ਮਸ਼ੀਨਾਂ ਰਖਵਾਈਆਂ ਗਈਆਂ ਹਨ ਅਤੇ ਤਿੰਨ ਪਰਤੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਸਭ ਤੋਂ ਪਹਿਲਾਂ ਮਸ਼ੀਨਾਂ ਦੇ ਕੋਲ ਪੈਰਾਮਿਲਟਰੀ ਫੋਰਸ ਦੇ ਮੁਲਾਜ਼ਮ ਜੋ ਹਥਿਆਰਾਂ ਨਾਲ ਲੈਸ ਹਨ, ਉਹ ਸੁਰੱਖਿਆ ਕਰ ਰਹੇ ਹਨ। ਦੂਜੇ ਪੜਾਅ ’ਚ ਵੀ ਪੈਰਾਮਿਲਟਰੀ ਫੋਰਸ ਤੇ ਬਾਹਰ ਤੀਜੀ ਲੇਅਰ ’ਚ ਪੰਜਾਬ ਪੁਲੀਸ ਦੇ ਮੁਲਾਜ਼ਮ ਤਾਇਨਾਤ ਹਨ। ਇਸ ਤੋਂ ਇਲਾਵਾ ਸਾਰੇ ਸਟਰਾਂਗ ਰੂਮ ਦੇ ਬਾਹਰ ਅਤੇ ਅੰਦਰ ਸੀਸੀਟੀਵੀ ਕੈਮਰੇ ਲਾਏ ਗਏ ਹਨ। 24 ਘੰਟੇ ਸਾਰੀ ਰਿਕਾਰਡਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤਿੰਨ ਪਰਤੀ ਸੁਰੱਖਿਆ 10 ਮਾਰਚ ਤੱਕ 24 ਘੰਟੇ ਕੀਤੀ ਜਾਵੇਗੀ। ਕਿਸੇ ਵੀ ਅਣਜਾਣ ਵਿਅਕਤੀ ਨੂੰ ਸਟਰਾਂਗ ਰੂਮ ਕੋਲ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
20 ਫਰਵਰੀ ਨੂੰ ਵੋਟਾਂ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਹੁਕਮ ’ਤੇ ਪੁਲੀਸ ਦੇ ਸਖ਼ਤ ਪਹਿਰੇ ਦੇ ਵਿੱਚ ਪਹਿਲਾਂ ਤੋਂ ਤੈਅ ਕੀਤੇ ਗਏ ਸਟਰਾਂਗ ਰੂਮ ’ਚ ਰਖਵਾ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖ਼ੁਦ ਇਸ ਦਾ ਜਾਇਜ਼ਾ ਵੀ ਲਿਆ ਹੈ। ਸੁਰੱਖਿਆ ਬਲਾਂ ’ਚ ਸੈਂਂਟਰਲ ਰਿਜ਼ਰਵ ਪੁਲੀਸ ਫੋਰਸ, ਬਾਰਡਰ ਸੁਰੱਖਿਆ ਫੋਰਸ ਤੋਂ ਇਲਾਵਾ ਹੋਰ ਸੁਰੱਖਿਆ ਏਜੰਸੀਆਂ ਦੇ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ 14 ਥਾਵਾਂ ’ਤੇ ਸਟਰਾਂਗ ਰੂਮ ਬਣਾਏ ਗਏ ਹਨ ਤੇ 14 ਥਾਵਾਂ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਜ਼ਿਲ੍ਹੇ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ 2, ਸਰਕਾਰੀ ਕਾਲਜ ਖਾਲਸਾ ਕਾਲਜ, ਜੀ.ਐਨ.ਈ. ਕਾਲਜ, ਪਾਲੀਟੈਕਨਿਕ ਕਾਲਜ ਰਿਸ਼ੀ ਨਗਰ, ਖੰਨਾ, ਰਾਏਕੋਟ, ਜਗਰਾਉਂ ਅਤੇ ਸਮਰਾਲਾ ’ਚ ਵੀ ਏਵੀਐਮ ਮਸ਼ੀਨਾਂ ਲਈ ਰੂਮ ਬਣਾਏ ਗਏ ਹਨ। ਇਨ੍ਹਾਂ ਸਾਰਿਆਂ ਦੀ ਸੁਰੱਖਿਆ ਦਾ ਜ਼ਿੰਮਾ ਭਾਵੇਂ ਕੇਂਦਰੀ ਰਿਜ਼ਰਵ ਫੋਰਸਾਂ ਦੇ ਹਵਾਲੇ ਕੀਤਾ ਗਿਆ ਹੈ, ਪਰ ਸਬੰਧਿਤ ਥਾਣੇ, ਐਸਪੀ ਤੇ ਏਡੀਸੀਪੀ ਨੂੰ ਵੀ ਇੱਥੇ 24 ਘੰਟੇ ਗਸ਼ਤ ਕਰਨ ਦੇ ਹੁਕਮ ਕੀਤੇ ਗਏ ਹਨ।
ਉਮੀਦਵਾਰ ਵੀ ਲਾ ਰਹੇ ਨੇ ਸਟਰਾਂਗ ਰੂਮ ਦੇ ਚੱਕਰ, ਵਰਕਰਾਂ ਦਾ ਵੀ ਪਹਿਰਾ
ਹਮੇਸ਼ਾ ਚੋਣਾਂ ਤੋਂ ਬਾਅਦ ਈਵੀਐਮ ’ਤੇ ਸਵਾਲ ਖੜ੍ਹੇ ਹੁੰਦੇ ਹਨ, ਸ਼ੱਕ ਰਹਿੰਦਾ ਹੈ ਕਿ ਉਮੀਦਵਾਰ ਈਵੀਐਮ ਮਸ਼ੀਨਾਂ ’ਚ ਵੋਟਾਂ ਦਾ ਹੇਰ-ਫੇਰ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਵੱਲੋਂ ਖ਼ੁਦ ਉੱਥੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਸਮਰੱਥਕ ਵੀ ਇੱਥੇ ਨਜ਼ਰ ਰੱਖ ਰਹੇ ਹਨ। ਇਸ ਤੋਂ ਇਲਾਵਾ ਚੋਣ ਅਬਜ਼ਰਵਰਾਂ ਵੱਲੋਂ ਵੀ ਇੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸਟਰਾਂਗ ਰੂਮ ’ਚ ਸੁਰੱਖਿਆ ਦੇਖਣ ਲਈ ‘ਆਪ’ ਦੀ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੇਐਨਐਸ ਕੰਗ ਤੇ ਹਲਕਾ ਪੱਛਮੀ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਹੁਣ ਤੱਕ ਪੁੱਜ ਚੁੱਕੇ ਹਨ।