ਲੁਧਿਆਣਾ: ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਮਹਿਮੂਦਪੁਰਾ ਵਿੱਚ ਦੰਦਾਂ ਦਾ ਚੈੱਕਅਪ ਅਤੇ ਚੇਤਨਾ ਕੈਂਪ ਲਗਾਇਆ ਗਿਆ, ਜਿਸ ਵਿੱਚ 150 ਤੋਂ ਵੱਧ ਲੋਕਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਡਾ. ਨਵਦੀਪ ਕੌਰ ਸਚਦੇਵਾ, ਡਾ. ਪ੍ਰੀਤਇੰਦਰ ਸਿੰਘ ਮੌਖਾ ਅਤੇ ਡਾ. ਪੂਜਾ ਮਹਿਰਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਆਧੁਨਿਕ ਉਪਕਰਨਾਂ ਦੀ ਸਹਾਇਤਾ ਨਾਲ ਪਿੰਡ ਵਾਸੀਆਂ ਦੇ ਦੰਦਾਂ ਦੀ ਜਾਂਚ ਕੀਤੀ। ਡੈਂਟਲ ਕਾਲਜ ਅਤੇ ਹਸਪਤਾਲ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਨੇ ਵੀ ਆਪਣੀ ਹਾਜ਼ਰੀ ਭਰ ਕੇ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਡਾ. ਨਵਦੀਪ ਕੌਰ ਨੇ ਲੋਕਾਂ ਨੂੰ ਦੰਦਾਂ ਦੀ ਸਫ਼ਾਈ ਲਈ ਟੂਥ ਬਰਸ਼ ਦੇ ਨਾਲ ਪੇਸਟ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਮੂੰਹ ਸਬੰਧੀ ਹੋਣ ਵਾਲੀਆਂ ਆਮ ਬੀਮਾਰੀਆਂ ਜਿਵੇਂ ਕਿ ਦੰਦਾਂ ਦੀ ਸੜਣ ਅਤੇ ਮਸੂੜਿਆਂ ਸਬੰਧੀ ਤਕਲੀਫਾਂ ਤੋਂ ਵੀ ਜਾਣੂ ਕਰਵਾਇਆ। ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਮੂੰਹ ਦੇ ਕੈਂਸਰ ਦਾ ਨਿਰੀਖਣ ਵੀ ਕੀਤਾ ਗਿਆ। ਕੈਂਪ ਵਿੱਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਦੰਦਾਂ ਦੀ ਵੀ ਜਾਂਚ ਕੀਤੀ ਗਈ। ਪਿੰਡ ਦੇ ਸਰਪੰਚ ਨਿਰਭਓ ਸਿੰਘ, ਜਸਬੀਰ ਸਿੰਘ (ਐਨਆਰਆਈ) ਨੇ ਡਾਕਟਰਾਂ ਅਤੇ ਹੋਰ ਸਟਾਫ਼ ਮੈਂਬਰਾਂ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ