ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਨਵੰਬਰ
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਨੇ ਡੀਏਵੀ ਕਾਲਜ ਹੁਸ਼ਿਆਰਪੁਰ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 65ਵੇਂ ਅੰਤਰ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਲੁਧਿਆਣਾ ਜ਼ੋਨ ਦੀ ਨੁਮਾਇੰਦਗੀ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਯੁਵਕ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਜ਼ੋਨਾਂ ਦੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਕਾਲਜ ਨੇ ਇਸ ਵਿੱਚ ਵੱਖ-ਵੱਖ ਸਟੇਜ ਅਤੇ ਆਫ਼-ਸਟੇਜ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਕਲਾਸੀਕਲ ਵੋਕਲ, ਗਰੁੱਪ ਸ਼ਬਦ ਵਿੱਚ ਪਹਿਲੇ ਸਥਾਨ, ਇੰਡੀਅਨ ਆਰਕੈਸਟਰਾ, ਫੋਕ ਆਰਕੈਸਟਰਾ, ਸੁੰਦਰ ਲਿਖਾਈ ਲਿਖਣ (ਪੰਜਾਬੀ) ਵਿੱਚ ਦੂਜੇ ਸਥਾਨ, ਟੋਕਰੀ ਬਣਾਉਣ, ਫੋਕ ਇੰਸਟਰੂਮੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਕਾਲਜ ਦੀਆਂ ਵਿਦਿਆਰਥਣਾਂ-ਅੰਮ੍ਰਿਤਪਾਲ ਕੌਰ ਨੇ ਔਰਤਾਂ ਦੇ ਰਿਵਾਇਤੀ ਲੰਬੀ ਹੇਕ ਦੇ ਗੀਤ ਵਿੱਚ ਵਿਅਕਤੀਗਤ ਦੂਜਾ, ਹਰਗੁਨਪ੍ਰੀਤ ਕੌਰ ਤੇ ਯਸ਼ੋਮਤੀ ਨੇ ਗਰੁੱਪ ਸ਼ਬਦ ਅਤੇ ਇੰਡੀਅਨ ਆਰਕੈਸਟਰਾ ਵਿੱਚ ਵਿਅਕਤੀਗਤ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਜੀਤ ਕੌਰ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਾਲਜ ਦੀ ਵੱਡੀ ਪ੍ਰਾਪਤੀ ਹੈ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਵਧਾਈ ਦੇ ਨਾਲ ਨਾਲ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਯੂਥ ਫੈਸਟੀਵਲ ਦੇ ਕਾਂਟੀਜੈਂਟ ਇੰਚਾਰਜ ਪ੍ਰੋ. ਤਜਿੰਦਰ ਕੌਰ ਅਤੇ ਪ੍ਰੋ. ਨੀਰੂ ਖੁਰਾਨਾ ਨੂੰ ਸੁਚਾਰੂ ਪ੍ਰਬੰਧ ਲਈ ਮੁਬਾਰਕਬਾਦ ਦਿੱਤੀ । ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਇਸ ਪ੍ਰਾਪਤੀ ਲਈ ਸਾਰੇ ਕਾਲਜ ਨੂੰ ਵਧਾਈ ਦਿੱਤੀ। ਹੁਣ ਕਾਲਜ ਦੀ ਗਰੁੱਪ ਸ਼ਬਦ ਦੀ ਟੀਮ ਅਤੇ ਕਲਾਸੀਕਲ ਵੋਕਲ ਦੀ ਵਿਦਿਆਰਥਣ ਫਰਵਰੀ ਮਹੀਨੇ ਵਿੱਚ ਹੋਣ ਵਾਲੇ ਅੰਤਰ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਗੀਆਂ।