ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਨਵੰਬਰ
ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਸਥਾਰ ਕੀਤਾ ਗਿਆ ਜਿਸ ਲਈ ਵਿਸ਼ੇਸ਼ ਤੌਰ ’ਤੇ ਕਾਰ ਸੇਵਾ ਵਾਲੇ ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲੇ ਅਤੇ ਬਾਬਾ ਸੁਰਿੰਦਰ ਸਿੰਘ (ਦਿੱਲੀ ਵਾਲੇ) ਪਹੁੰਚੇ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਰਾਣਾ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਲ 2017 ਵਿੱਚ ਹੋਂਦ ’ਚ ਆਈ ਸੀ ਜਿਸ ਦੇ ਬਾਬਾ ਜਰਨੈਲ ਸਿੰਘ ਚੇਅਰਮੈਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਥੇ ਬਾਬਾ ਵਧਾਵਾ ਸਿੰਘ ਨੂੰ ਕਾਰ ਸੇਵਾ ਵਾਲਿਆਂ ਨੇ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਸੀ ਜਿਨ੍ਹਾਂ ਉਸ ਸਮੇਂ ਪ੍ਰਬੰਧਕ ਕਮੇਟੀ ਦੇ ਬੈਂਕ ਖਾਤੇ ’ਚੋਂ 2.93 ਕਰੋੜ ਰੁਪਏ ਨਵਾਂ ਬੈਂਕ ਖਾਤਾ ਖੁੱਲ੍ਹਵਾ ਕੇ ਟਰਾਂਸਫਰ ਕਰ ਦਿੱਤੇ ਸਨ। ਇਸ ਪ੍ਰਬੰਧਕ ਕਮੇਟੀ ਦੇ ਪਹਿਲਾਂ ਹੀ ਤਿੰਨ ਮੈਂਬਰਾਂ ਵੱਲੋਂ ਅਸਤੀਫ਼ਾ ਵੀ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਜ ਬਾਬਾ ਮਹਿੰਦਰ ਸਿੰਘ ਪਿਹੋਵੇ ਵਾਲੇ ਗੁਰੂ ਘਰ ਪਹੁੰਚੇ ਜਿਨ੍ਹਾਂ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕਮੇਟੀ ਵਿੱਚ ਵਿਸਥਾਰ ਕਰਦਿਆਂ 15 ਮੈਂਬਰ ਨਿਯੁਕਤ ਕੀਤੇ ਗਏ ਹਨ। ਨਵੀਂ ਚੁਣੀ ਪ੍ਰਬੰਧਕ ਕਮੇਟੀ ਵਿੱਚ ਬਾਬਾ ਸੁਰਿੰਦਰ ਸਿੰਘ ਚੇਅਰਮੈਨ, ਸੁਖਵੀਰ ਸਿੰਘ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਬਲਕਰਨ ਸਿੰਘ ਢਿੱਲੋਂ ਕੈਸ਼ੀਅਰ, ਮਲਕੀਤ ਸਿੰਘ ਜਨਰਲ ਸਕੱਤਰ, ਹਰਭਜਨ ਸਿੰਘ, ਜਸਪਾਲ ਸਿੰਘ, ਹਰਨੇਕ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਜਰਮਨ ਸਿੰਘ, ਜਸਵਿੰਦਰ ਸਿੰਘ, ਮਨਰਾਜ ਸਿੰਘ, ਹਰਜਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਮੈਂਬਰ ਨਿਯੁਕਤ ਕੀਤੇ ਗਏ ਹਨ। ਚੇਅਰਮੈਨ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ 15 ਮੈਂਬਰੀ ਕਮੇਟੀ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਦੇ ਸਾਰੇ ਪ੍ਰਬੰਧ ਚਲਾਵੇਗੀ।