ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜਨਵਰੀ
ਜੀਐਨਡੀਈਸੀ ਦੇ ਇਨਫੋਰਮੇਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਐਨਬੀਏ ਐਕਰੈਡੀਟੇਸ਼ਨ ਅਤੇ ਟੀਚਿੰਗ ਲਰਨਿੰਗ ਇਨ ਇੰਜੀਨੀਅਰਿੰਗ ਵਿਸ਼ੇ ਉੱਤੇ 6 ਦਿਨਾਂ ਦਾ ਅਟਲ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਡਾਇਰੈਕਟਰ, ਐਨਐਸਈਟੀ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਮੌਜੂਦਾ ਸਮੇਂ ਦੀ ਮੰਗ ਅਨੂਸਾਰ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਨੂੰ ਕਰਵਾਉਣ ਲਈ ਆਈਟੀ ਵਿਭਾਗ ਨੂੰ ਵਧਾਈ ਦਿੱਤੀ। ਡਾਇਰੈਕਟਰ ਐਨਸੀਵੀਈਟੀ ਭਾਰਤ ਸਰਕਾਰ ਡਾ. ਸੁਹਾਸ ਦੇਸ਼ਮੁਖ ਨੇ ਮੁੱਖ ਬੁਲਾਰੇ ਵਜੋਂ ਪ੍ਰੋਗਰਾਮ ਵਿਚ ਭਾਗ ਲਿਆ। ਡਾ. ਦੇਸ਼ਮੁਖ ਨੇ ਕਿਹਾ ਕਿ ਆਉਟਕਮ-ਆਧਾਰਿਤ ਸਿੱਖਿਆ (ਓਬੀਈ) ਇੱਕ ਅਜਿਹਾ ਅਨਮੁੱਲਾ ਮਾਡਲ ਹੈ ਜੋ ਉੱਚ-ਕ੍ਰਮ ਦੀ ਸਿੱਖਿਆ ਦੇ ਦਰਜੇ ਨੂੰ ਹਾਸਲ ਕਰਨ ਵਿਚ ਕੰਮ ਆਉਣ ਵਾਲੀ ਪੈਡਾਗੋਜੀ ਅਤੇ ਪਾਠਕ੍ਰਮ ਦੇ ਪੁਨਰਗਠਨ ਵਿੱਚ ਬਹੁਤ ਸਹਾਇਕ ਸਿੱਧ ਹੋਇਆ ਹੈ। ਪ੍ਰੋਫੈਸਰ ਮਕੈਨੀਕਲ ਇੰਜੀ. ਡਾ. ਜਤਿੰਦਰ ਕਪੂਰ ਨੇ ਪ੍ਰਿੰਸੀਪਲ ਜੀਐਨਡੀਈਸੀ ਵੱਲੋਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਆਉਟਕਮ ਅਧਾਰਿਤ ਸਿੱਖਿਆ ਇਕ ਵਿਦਿਆਰਥੀ ਕੇਂਦਰਿਤ ਮਾਡਲ ਹੈ ਅਤੇ ਇਸ ਦਾ ਉਦੇਸ਼ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ਨੂੰ ਵਿਕਸਤ ਕਰਕੇ ਸਿੱਖਿਅਕ ਢਾਂਚੇ ਨੂੰ ਹੋਰ ਪ੍ਰਫੁੱਲਿਤ ਕਰਨਾ ਹੈ। ਕੋਰਸ ਦੇ ਕੋਆਰਡੀਨੇਟਰ ਡਾ. ਕੇ.ਐੱਸ. ਮਾਨ ਅਤੇ ਡਾ. ਅਮਿਤ ਕਾਮਰਾ ਨੇ ਦੱਸਿਆ ਕਿ ਇਸ ਕੋਰਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 50 ਪ੍ਰਤੀਯੋਗੀ ਭਾਗ ਲੈ ਰਹੇ ਹਨ। ਐਨਬੀਏ ਮਾਨਤਾ ਪ੍ਰਾਪਤ ਪ੍ਰੋਗਰਾਮਾਂ ਨੂੰ ਚਲਾਉਣ ਵਿੱਚ ਮੋਹਰੀ ਹੋਣ ਦੇ ਨਾਤੇ ਜੀਐਨਡੀਈਸੀ ਹੋਰ ਸਿੱਖਿਅਕ ਸੰਸਥਾਵਾਂ ਨੂੰ ਵੀ ਐਕਰੀਡਿਟੇਸ਼ਨ ਪ੍ਰਾਪਤ ਕਰਨ ਵਿੱਚ ਚਾਹੀਦੇ ਜ਼ਰੂਰੀ ਪਹਿਲੂਆਂ ਬਾਰੇ ਸਿਖਲਾਈ ਦੇਣ ਲਈ ਪੂਰਨ ਸਮਰੱਥ ਹੈ। ਜੇ.ਸੀ. ਬੋਸ ਯੂਨਿਵਰਸਿਟੀ, ਐਨਵੀਸੀਈਟੀ, ਪੀਟੀਯੂ, ਪੀਯੂ ਅਤੇ ਜੀਐਨਡੀਈਸੀ ਲੁਧਿਆਣਾ ਦੇ ਮਾਹਰ ਇਸ ਪ੍ਰੋਗਰਾਮ ਵਿੱਚ ਬਤੌਰ ਮਾਹਿਰ ਆਪਣੇ ਵਿਚਾਰ ਸਰੋਤਿਆਂ ਦੇ ਨਾਲ ਸਾਂਝਾ ਕਰਨ ਆਉਣਗੇ। ਉਦਘਾਟਨੀ ਪ੍ਰੋਗਰਾਮ ਦੇ ਅਖੀਰ ਵਿੱਚ ਜੀਐਨਡੀਈਸੀ ਦੇ ਡੀਨ ਅਕੈਡਮਿਕ ਡਾ. ਅਕਸ਼ੈ ਗਿਰਧਰ ਨੇ ਸਾਰਿਆਂ ਦਾ ਪ੍ਰੋਗਰਾਮ ਵਿਚ ਉਤਸ਼ਾਹ ਪੂਰਵਕ ਭਾਗ ਲੈਣ ਉੱਤੇ ਧੰਨਵਾਦ ਕੀਤਾ।