ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਅਗਸਤ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਾਸੀ ਨਕਲੀ ਲੈਫ਼ਟੀਨੈਂਟ ਕਰਨਲ ਪ੍ਰਦੀਪ ਸਿੰਘ ਪੀਰੂ ਥਾਣਾ ਜੋਧਾਂ ਦੀ ਪੁਲੀਸ ਨੇ ਇਯਾਲ਼ੀ ਕਲਾਂ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਬਕਾਇਦਾ ਸੈਮੀਨਾਰ ਲਾ ਕੇ ਚਾਰ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਫ਼ੌਜ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਦਿਵਾਉਣ ਦੇ ਸਬਜ਼ਬਾਗ ਦਿਖਾ ਰਿਹਾ ਸੀ। ਇਸ ਨਕਲੀ ਲੈਫ਼ਟੀਨੈਂਟ ਕਰਨਲ ਪੀਰੂ ਖ਼ਿਲਾਫ਼ ਥਾਣਾ ਜੋਧਾਂ ਦੀ ਪੁਲੀਸ ਚੌਕੀ ਛਪਾਰ ਵਿਚ 23 ਜੁਲਾਈ 2021 ਨੂੰ ਫੱਲੇਵਾਲ ਵਾਸੀ ਚੰਨਣ ਸਿੰਘ ਦੀ ਸ਼ਿਕਾਇਤ ਉੱਪਰ 23 ਲੱਖ 70 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਨਕਲੀ ਲੈਫ਼ਟੀਨੈਂਟ ਕਰਨਲ ਪੀਰੂ ਯੂਪੀ ਦੀ ਅਲੀਗੜ੍ਹ ਜੇਲ੍ਹ ਤੋਂ ਦੋ ਸਾਲ ਬਾਅਦ ਜ਼ਮਾਨਤ ’ਤੇ ਰਿਹਾ ਹੋ ਕੇ ਆਇਆ ਸੀ ਅਤੇ ਬਾਹਰ ਆਉਂਦੇ ਹੀ ਉਸ ਨੇ ਆਪਣਾ ਪੁਰਾਣਾ ਧੰਦਾ ਮੁੜ ਸ਼ੁਰੂ ਕਰ ਦਿੱਤਾ।