ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਕਤੂਬਰ
ਪੁਲੀਸ ਨਾਕੇ ਅਤੇ ਟੌਲ ਟੈਕਸ ਤੋਂ ਬਚਣ ਲਈ ਸ਼ਹਿਰ ਦੇ ਇੱਕ ਵਿਅਕਤੀ ਨੇ ਇੰਟਰਪੋਲ ਅਧਿਕਾਰੀ ਦਾ ਫ਼ਰਜ਼ੀ ਪਛਾਣ ਪੱਤਰ ਬਣਵਾ ਰੱਖਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਪਛਾਣ ਪੱਤਰ ਦੇ ਰਾਹੀਂ ਖ਼ੁਦ ਨੂੰ ਇੰਟਰਪੋਲ ਦੇ ਨਾਲ ਨਾਲ ਕੌਮਾਂਤਰੀ ਪੁਲੀਸ ਦਾ ਐਲ-1 ਅਧਿਕਾਰੀ ਦੱਸਿਆ ਸੀ। ਮੁਲਜ਼ਮ ਲੁਧਿਆਣਾ ਪੁਲੀਸ ਦੇ ਹੱਥ ਉਸ ਵੇਲੇ ਚੜ੍ਹ ਗਿਆ ਜਦੋਂ ਉਹ ਸਿਵਲ ਹਸਪਤਾਲ ਕੋਲ ਨਾਕਾਬੰਦੀ ਤੋਂ ਲੰਘ ਰਿਹਾ ਸੀ। ਪੁਲੀਸ ਨੇ ਮੁਲਜ਼ਮ ਦੀ ਕਾਰ ਨੂੰ ਪੁਲੀਸ ਦੇ ਲੋਗੋ ਵਾਲਾ ਸਟੀਕਰ ਲੱਗਿਆ ਦੇਖ ਕੇ ਰੋਕ ਲਿਆ। ਪਹਿਲਾਂ ਤਾਂ ਮੁਲਜ਼ਮ ਨੇ ਕਾਫ਼ੀ ਰੋਲਾ ਪਾਇਆ ਤੇ ਬਾਅਦ ਵਿੱਚ ਉਸ ਦਾ ਪਛਾਣ ਪੱਤਰ ਫ਼ਰਜ਼ੀ ਨਿਕਲਿਆ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਅਬਦੁਲਾਪੁਰ ਬਸਤੀ ਵਾਸੀ ਰਣਧੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਲਜ਼ਮ ਤੋਂ ਪੜਤਾਲ ਕਰ ਕੇ ਪਤਾ ਲਗਾ ਰਹੀ ਹੈ ਕਿ ਉਸ ਨੇ ਇਹ ਫ਼ਰਜ਼ੀ ਪਛਾਣ ਪੱਤਰ ਕਿਸ ਤੋਂ ਬਣਵਾਇਆ ਹੈ।
ਏਸੀਪੀ ਕੇਂਦਰੀ ਰਮਨਦੀਪ ਸਿੰਘ ਭੁੱਲਰ ਤੇ ਥਾਣਾ ਡਿਵੀਜ਼ਨ ਨੰਬਰ-2 ਦੀ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਸਿਵਲ ਹਸਪਤਾਲ ਦੇ ਕੋਲ ਨਾਕਾਬੰਦੀ ਕਰ ਰੱਖੀ ਸੀ। ਇਸ ਦੌਰਾਨ ਉੱਥੋਂ ਲੰਘ ਰਹੀ ਕਾਰ ’ਤੇ ਪੁਲੀਸ ਦਾ ਸਟੀਕਰ ਲੱਗਿਆ ਹੋਇਆ ਸੀ। ਪੁਲੀਸ ਨੇ ਗੱਡੀ ਰੋਕ ਕੇ ਚਾਲਕ ਤੋਂ ਉਸ ਦੀ ਪਛਾਣ ਪੁੱਛੀ ਤਾਂ ਉਹ ਭੜਕ ਗਿਆ ਤੇ ਕਾਰ ਦੇ ਸਟੀਕਰ ਦਾ ਰੋਅਬ ਪਾਉਣ ਲੱਗਿਆ ਕਿ ਉਹ ਇੰਟਰਪੋਲ ਦਾ ਸੀਨੀਅਰ ਅਧਿਕਾਰੀ ਹੈ। ਪੁਲੀਸ ਵੱਲੋਂ ਮੰਗਣ ’ਤੇ ਉਸ ਨੇ ਪਛਾਣ ਪੱਤਰ ਦਿੱਤਾ ਜਿਸ ’ਤੇ ਮੁਲਜ਼ਮ ਦਾ ਨਾਂ ਅਤੇ ਪਤਾ ਤੇ ਉਸ ਦੇ ਸੀਨੀਅਰ ਇੰਟਰਪੋਲ ਅਧਿਕਾਰੀ ਹੋਣ ਬਾਰੇ ਲਿਖਿਆ ਸੀ। ਉਸ ’ਤੇ ਪੁਲੀਸ ਆਰਗੇਨਾਈਜੇਸ਼ਨ ਦਾ ਲੋਗੋ ਲੱਗਿਆ ਸੀ ਪਰ ਉਸ ’ਤੇ ਕਿਸੇ ਅਧਿਕਾਰੀ ਦੇ ਦਸਤਖ਼ਤ ਨਹੀਂ ਸਨ।
ਪੁਲੀਸ ਨੇ ਜਦੋਂ ਉਸ ਤੋਂ ਸਖ਼ਤੀ ਨਾਲ ਪੜਤਾਲ ਕੀਤੀ ਤਾਂ ਫ਼ਰਜ਼ੀ ਪਛਾਣ ਪੱਤਰ ਦਾ ਖ਼ੁਲਾਸਾ ਹੋਇਆ। ਉਸ ਨੇ ਦੱਸਿਆ ਕਿ ਇਹ ਉਸ ਨੇ ਟੌਲ ਪਲਾਜ਼ਿਆਂ ਤੇ ਪੁਲੀਸ ਨਾਕਿਆਂ ਤੋਂ ਬਚਣ ਲਈ ਬਣਵਾਇਆ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।