ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਜੂਨ
ਜਾਅਲੀ ਆਰਸੀ ਨਾਲ ਗੱਡੀਆਂ ਚਲਾਉਣ ਵਾਲੇ ਇੱਕ ਗਰੋਹ ਦਾ ਖੰਨਾ ਪੁਲੀਸ ਵੱਲੋਂ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ। ਇਹ ਗਰੋਹ ਪੁਰਾਣੀਆਂ ਗੱਡੀਆਂ ਦੇ ਚੇਸੀ ਨੰਬਰ ਬਦਲ ਕੇ ਜਾਅਲੀ ਆਰਸੀ ਬਣਾਉਂਦਾ ਸੀ ਤੇ ਹੁਣ ਤੱਕ 50 ਤੋਂ ਵੱਧ ਗੱਡੀਆਂ ਦੇ ਨੰਬਰ ਬਦਲਣ ਦੀ ਗੱਲ ਸਾਹਮਣੇ ਆਈ ਹੈ। ਇਸ ਗਰੋਹ ਦੇ ਤਿੰਨ ਮੈਂਬਰ ਫੜੇ ਗਏ, ਜਿਨ੍ਹਾਂ ਕੋਲੋਂ 3 ਗੱਡੀਆਂ ਤੇ ਔਜ਼ਾਰ ਬਰਾਮਦ ਹੋਏ ਹਨ। ਡੀਐੱਸਪੀ ਰਾਜਨਪਰਮਿੰਦਰ ਸਿੰਘ ਨੇ ਕਿਹਾ ਕਿ ਥਾਣਾ ਸਦਰ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਬਾਹੋਮਾਜਰਾ ਪੁਲ ਕੋਲ ਮੌਜੂਦ ਸੀ ਕਿ ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਮਨਿੰਦਰ ਸਿੰਘ ਉਰਫ਼ ਡਿੰਪੀ, ਅਮਨਪ੍ਰੀਤ ਸਿੰਘ ਉਰਫ ਸੰਨੀ ਤੇ ਉਨ੍ਹਾਂ ਦੇ ਹੋਰ ਸਾਥੀ ਦੀਆਂ ਦੁੱਧ ਸਪਲਾਈ ਕਰਨ ਵਾਲੀਆਂ ਗੱਡੀਆਂ ਬੀਜਾ ਪੰਪ ’ਤੇ ਖੜ੍ਹੀਆਂ ਹਨ। ਇਹ ਮਿਲ ਕੇ ਵਾਹਨਾਂ ਦੇ ਚੇਸੀ ਨੰਬਰਾਂ ਨਾਲ ਛੇੜਛਾੜ ਕਰ ਕੇ ਮੋਟੀ ਰਕਮ ਵਸੂਲਦੇ ਹਨ ਤੇ ਬਾਅਦ ਵਿੱਚ ਵਾਹਨਾਂ ਦੀ ਜਾਅਲੀ ਆਰ ਸੀ ਬਣਾਉਂਦੇ ਹਨ। ਉਹ ਪਹਿਲਾਂ ਵੀ ਲੁਧਿਆਣਾ, ਬੀਜਾ ਤੇ ਖੰਨਾ ਵਾਲੇ ਪਾਸੇ ਕਈ ਵਾਹਨਾਂ ਦੇ ਚੇਸੀ ਨੰਬਰਾਂ ਨਾਲ ਛੇੜਛਾੜ ਕਰ ਚੁੱਕੇ ਹਨ।
ਪੁਲੀਸ ਨੇ ਮੁਲਾਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਮਨਿੰਦਰ ਸਿੰਘ ਡਿੰਪੀ ਆਪਣੀ ਕਾਰ ਸੈਂਟਰੋ ’ਚ ਚੇਸੀ ਬਦਲਣ ਵਾਲੇ ਸੰਦ ਲੈ ਕੇ ਜਾ ਰਿਹਾ ਸੀ। ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਨਿੰਦਰ ਸਿੰਘ ਦੇ ਕਬਜ਼ੇ ’ਚੋਂ ਚੇਸੀ ਨੰਬਰ ਟੈਂਪਰਿੰਗ ਔਜ਼ਾਰ ਬਰਾਮਦ ਹੋਏ। ਪੁੱਛਗਿੱਛ ਦੌਰਾਨ ਪਰਮਿੰਦਰ ਸਿੰਘ ਤੇ ਜਿੰਦਰ ਸਿੰਘ ਨੂੰ ਵੀ ਮਾਮਲੇ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਇਨ੍ਹਾਂ ਕੋਲੋਂ ਅਜੇ 3 ਟੈਂਕਰ ਬਰਾਮਦ ਹੋਏ ਹਨ। ਗਰੋਹ ਨਾਲ ਹੋਰ ਵੀ ਲੋਕ ਵੀ ਜੁੜੇ ਹੋਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।