ਡੀਪੀਐੱਸ ਬਤਰਾ
ਸਮਰਾਲਾ, 28 ਦਸੰਬਰ
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਮੈਂਬਰਸ਼ਿਪ ਕਰਨ ਸਬੰਧੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਅੱਜ ਇੱਥੋਂ ਨਜ਼ਦੀਕੀ ਪਿੰਡ ਬੌਂਦਲੀ ਵਿਖੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਬਲਬੀਰ ਸਿੰਘ ਸੁਹਾਵੀ ਜ਼ਿਲਾ ਸਕੱਤਰ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਦੀ ਮੈਂਬਰਸ਼ਿਪ ਕੱਟੀ ਗਈ। ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਬਲਬੀਰ ਸਿੰਘ ਸੁਹਾਵੀ ਨੇ ਕਿਹਾ ਕਿ ਇਹ ਮੈਂਬਰਸ਼ਿਪ ਮਜ਼ਦੂਰਾਂ ਨੂੰ ਉਨਾਂ ਦੇ ਹੱਕਾਂ ਲਈ ਲਾਮਬੰਦ ਕਰਨ ਲਈ ਕੀਤੀ ਜਾਂਦੀ ਹੈ, ਤਾਂ ਜੋ ਸਰਕਾਰਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਹ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ ਸਬੰਧੀ, ਮਨਰੇਗਾ ਸਬੰਧੀ ਬਣਦੀਆਂ ਸਾਰੀਆਂ ਸਹੂਲਤਾਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਅਤੇ ਸਾਲ ਵਿੱਚ 200 ਦਿਨ ਦਾ ਕੰਮ ਅਤੇ 600 ਰੁਪਏ ਦਿਹਾੜੀ ਮੁਕਰਰ ਕਰਨ ਸਬੰਧੀ, ਗਰੀਬ ਪਰਿਵਾਰਾਂ ਲਈ ਸ਼ਗਨ ਸਕੀਮ 51 ਹਜ਼ਾਰ ਰੁਪਏ ਕਰਨ ਸਬੰਧੀ ਹਨ।