ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਸਮਾਰਟ ਮੀਟਰ ਲਗਾਏ ਜਾਣ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਵਿਰੋਧ ਲਗਾਤਾਰ ਜਾਰੀ ਹੈ, ਜਿਸ ਤਹਿਤ ਯੂਨੀਅਨ ਵੱਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਸਮਾਰਟ ਮੀਟਰਾਂ ਨੂੰ ਲੱਗਣ ਨਹੀਂ ਦਿੱਤਾ ਜਾ ਰਿਹਾ।
ਅੱਜ ਪਿੰਡ ਸਿਕੰਦਰਪੁਰ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਪਿੰਡ ਦੀ ਚੱਕੀ ’ਤੇ ਸਮਾਰਟ ਮੀਟਰ ਲਗਾਏ ਜਾਣ ਮੌਕੇ ਕਿਸਾਨ ਜਥੇਬੰਦੀ ਦੇ ਬਲਾਕ ਮਾਛੀਵਾੜਾ ਦੇ ਬਲਾਕ ਪ੍ਰਧਾਨ ਮੋਹਣ ਸਿੰਘ ਬਾਲਿਓਂ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰ ਕੇ ਮੀਟਰ ਲੁਹਾ ਦਿੱਤਾ ਗਿਆ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਮੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਘੁਰਕੀ ਦੇ ਡਰ ਤੋਂ ਪਿੰਡਾਂ ਵਿੱਚ ਸਮਾਰਟ ਮੀਟਰ ਲਗਾ ਰਹੀ, ਜਿਸ ਦਾ ਬੀਕੇਯੂ (ਕਾਦੀਆਂ) ਡੱਟਵਾਂ ਵਿਰੋਧ ਕਰੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸਮਾਰਟ ਮੀਟਰ ਪਿੰਡਾਂ ਵਿੱਚ ਲਗਾਉਣ ਤੋਂ ਪਹਿਲਾਂ ਆਪਣੇ ਸਰਕਾਰੀ ਅਦਾਰਿਆਂ, ਖਾਸ ਕਰਕੇ ਤਹਿਸੀਲਾਂ ਅਤੇ ਥਾਣਿਆਂ ਵਿੱਚ ਲਗਾਉਣ ਤਾਂ ਜੋ ਬਿਜਲੀ ਚੋਰੀ ਬੰਦ ਹੋ ਸਕੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਯੂਨੀਅਨ ਆਮ ਲੋਕਾਂ ਦੇ ਹਿੱਤਾਂ ’ਤੇ ਡਾਕਾ ਨਹੀਂ ਪੈਣ ਦੇਵੇਗੀ ਅਤੇ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਗੜ੍ਹੀ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ, ਮਨਪ੍ਰੀਤ ਸਿੰਘ ਰੋਹਲੇ, ਉਜਾਗਰ ਸਿੰਘ ਚਹਿਲਾਂ ਤੇ ਕੇਸਰ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ਨੇ ਕਈ ਪਿੰਡਾਂ ਵਿੱਚ ਉਖਾੜੇ ਸਮਾਰਟ ਮੀਟਰ
ਸਮਰਾਲਾ (ਡੀਪੀਐੱਸ ਬੱਤਰਾ): ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਚਿੱਪ ਵਾਲੇ ਨਵੇਂ ਸਮਾਰਟ ਬਿਜਲੀ ਮੀਟਰ ਲਗਾਉਣ ਦੇ ਜਾਰੀ ਕੀਤੇ ਗਏ ਫੁਰਮਾਨ ਤੋਂ ਬਾਅਦ ਜਿਉਂ ਹੀ ਪਾਵਰਕੌਮ ਨੇ ਇਹ ਮੀਟਰ ਵੱਖ-ਵੱਖ ਪਿੰਡਾਂ ਵਿੱਚ ਲਗਾਉਣੇ ਸ਼ੁਰੂ ਕੀਤੇ ਤਾਂ ਕਿਸਾਨਾਂ ਵੱਲੋਂ ਇਨ੍ਹਾਂ ਮੀਟਰਾਂ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਅੱਜ ਕਈ ਪਿੰਡਾਂ ਵਿੱਚ ਲਗਾਏ ਗਏ ਇਨ੍ਹਾਂ ‘ਚਿੱਪ’ ਵਾਲੇ ਮੀਟਰਾਂ ਨੂੰ ਉਖਾੜ ਕੇ ਸੁੱਟ ਦਿੱਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਉਹ ਸੂਬੇ ਵਿੱਚ ਚਿੱਪ ਵਾਲਾ ਇਕ ਵੀ ਮੀਟਰ ਲੱਗਣ ਨਹੀਂ ਦੇਣਗੇ। ਬੀ.ਕੇ.ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਪਿੰਡ ਘੁਲਾਲ ਅਤੇ ਪਿੰਡ ਖੱਟਰਾਂ ਵਿੱਚ ਲਗਾਏ ਗਏ ਚਿੱਪ ਵਾਲੇ ਸਮਾਰਟ ਮੀਟਰਾਂ ਨੂੰ ਪੁੱਟਣ ਮਗਰੋਂ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਵਿਤਕਰਾ ਕਰ ਰਹੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਸਮਾਰਟ ਮੀਟਰ ਯੋਜਨਾ ਦੇਸ਼ ਦੇ ਵੱਡੇ ਧਨਾਢਾਂ ਨੂੰ ਫਾਇਦਾ ਪਹੁੰਚਾਉਣ ਲਈ ਲਾਗੂ ਕੀਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਗਿਆਸਪੁਰਾ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਕਿਸੇ ਕੀਮਤ ਉੱਤੇ ਇਹ ਮੀਟਰ ਲੱਗਣ ਨਹੀਂ ਦਿੱਤੇ ਜਾਣਗੇ ਅਤੇ ਜਿੱਥੇ-ਜਿੱਥੇ ਵੀ ਇਹ ਮੀਟਰ ਲਗਾਏ ਜਾ ਰਹੇ ਹਨ, ਉੱਥੇ ਜਥੇਬੰਦੀ ਦੀ ਅਗਵਾਈ ਵਿੱਚ ਇਹ ਮੀਟਰ ਉਖਾੜਨ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ।