ਜਗਮੋਹਨ ਸਿੰਘ
ਘਨੌਲੀ, 20 ਨਵੰਬਰ
ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬਿਨਾਂ ਕੋਈ ਅਗਾਊ ਸੂਚਨਾ ਦਿੱਤਿਆਂ ਇੱਕਦਮ ਬੰਦ ਕਰ ਦੇਣ ਦੇ ਫੈ਼ਸਲੇ ਕਾਰਨ ਬਹੁਤ ਸਾਰੇ ਕਿਸਾਨ ਕਸੂਤੇ ਫਸ ਗਏ ਹਨ। ਫ਼ਸਲ ਹੁਣ ਨਾ ਤਾਂ ਕੋਈ ਆੜ੍ਹਤੀ ਖਰੀਦਣ ਨੂੰ ਤਿਆਰ ਹੋ ਰਿਹਾ ਹੈ ਅਤੇ ਨਾ ਹੀ ਸ਼ੈੱਲਰਾਂ ਵਾਲੇ ਹੱਥ ਪੱਲਾ ਫੜਾ ਰਹੇ ਹਨ। ਕੁੜਿੱਕੀ ਵਿੱਚ ਫਸੇ ਕਿਸਾਨਾਂ ਨੂੰ ਹੁਣ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਦੁਬਾਰਾ ਮੰਡੀ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਆੜ੍ਹਤੀਆਂ ਨੇ ਅੱਜ ਕਿਸਾਨਾਂ ਨੂੰ ਫ਼ਸਲ ਚੁੱਕਣ ਦੀ ਹਦਾਇਤ ਕਰ ਦਿੱਤੀ, ਜਿਸ ਮਗਰੋਂ ਕੁੱਝ ਕਿਸਾਨ ਫ਼ਸਲ ਨਾ ਚੁੱਕਣ ਲਈ ਅੜ੍ਹ ਗਏ ਹਨ। ਇੱਕ ਕਿਸਾਨ ਨੇ ਤਾਂ ਫਸਲ ਨਾ ਵਿਕਣ ਦੀ ਸੂਰਤ ਵਿੱਚ ਡਿਪਟੀ ਕਮਿਸ਼ਨਰ ਦਫਤਰ ਰੂਪਨਗਰ ਅੱਗੇ ਜਾ ਕੇ ਆਤਮਦਾਹ ਕਰਨ ਦੀ ਚਿਤਾਵਨੀ ਵੀ ਦੇ ਦਿੱਤੀ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਕੋਵਿਡ-19 ਕਾਰਨ ਉਨ੍ਹਾਂ ਨੂੰ ਝੋਨਾ ਬੀਜਣ ਲਈ ਮਜ਼ਦੂਰ ਨਹੀਂ ਮਿਲੇ ਤੇ ਝੋਨੇ ਦੀ ਬਿਜਾਈ ਪੱਛੜ ਗਈ। ਦੂਜਾ ਝੋਨੇ ਦਾ ਬੀਜ ਅਜਿਹਾ ਮਿਲਿਆ ਕਿ ਉਹ ਪੱਕਣ ਵਿੱਚ ਹੀ ਨਹੀਂ ਆਇਆ ਤੇ ਜਦੋਂ ਫਸਲ ਪੱਕੀ ਤਾਂ ਸਰਕਾਰ ਨੇ ਮੰਡੀਆਂ ਬੰਦ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਸੀ 30 ਜੂਨ ਤੱਕ ਮੰਡੀਆਂ ਖੁਲ੍ਹੀਆਂ ਰਹਿਣਗੀਆਂ, ਪਰ ਹੁਣ ਸਰਕਾਰ ਨੇ 15 ਦਿਨ ਪਹਿਲਾਂ ਹੀ ਮੰਡੀਆਂ ਬੰਦ ਕਰ ਦਿੱਤੀਆਂ ਹਨ।
ਇਹ ਮੇਰਾ ਚੈਪਟਰ ਨਹੀਂ: ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨਾਲ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ ਮਾਵੀ ਨੇ ਕਿਹਾ ਕਿ ਇਹ ਮੇਰਾ ਚੈਪਟਰ ਨਹੀਂ ਹੈ, ਤੁਸੀਂ ਜ਼ਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕਰੋ। ਜ਼ਿਲ੍ਹਾ ਮੰਡੀ ਅਫਸਰ ਰੂਪਨਗਰ ਨਿਰਮਲ ਸਿੰਘ ਕੁਹਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੀ ਫੋਨ ਨਹੀਂ ਸੁਣਿਆ।