ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਅਪਰੈਲ
ਆੜ੍ਹਤੀ ਬਦਲਣ ’ਤੇ ਆਨਲਾਈਨ ਪੋਰਟਲ ’ਤੇ ਕਿਸਾਨ ਰਜਿਸਟਰਡ ਨਹੀਂ ਹੋ ਸਕ ਰਹੇ ਹਨ। ਹਰ ਨਵੇਂ ਸੀਜ਼ਨ ’ਚ ਕੁਝ ਕਿਸਾਨ ਆੜ੍ਹਤੀ ਬਦਲ ਲੈਂਦੇ ਹਨ ਪਰ ਉਨ੍ਹਾਂ ਨੂੰ ਰਜਿਸਟਰਡ ਨਾ ਹੋਣ ਦੀ ਸਮੱਸਿਆ ਪੇਸ਼ ਆ ਰਹੀ ਹੈ। ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਅਤੇ ਉਸੇ ਦਿਨ ਤੋਂ ਇਹ ਸਮੱਸਿਆ ਦਰਪੇਸ਼ ਹੈ। ਇਸ ਸਮੱਸਿਆ ਦੇ ਹੱਲ ਲਈ ਆੜ੍ਹਤੀਆਂ ਦਾ ਇਕ ਵਫ਼ਦ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਇਹ ਮਸਲਾ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਵੀ ਚੁੱਕਿਆ ਸੀ ਜਿਨ੍ਹਾਂ ਇਸ ਦੇ ਹੱਲ ਦਾ ਭਰੋਸਾ ਦਿੱਤਾ ਸੀ। ਹੁਣ ਜਦੋਂ ਮੰਡੀਆਂ ’ਚ ਕਣਕ ਆਉਣੀ ਸ਼ੁਰੂ ਹੋ ਗਈ ਹੈ ਤਾਂ ਵੀ ਸਮੱਸਿਆ ਦਾ ਹੱਲ ਨਾ ਹੋਣ ’ਤੇ ਆੜ੍ਹਤੀਆਂ ਦਾ ਵਫ਼ਦ ਸੈਕਟਰੀ ਮਾਰਕੀਟ ਕਮੇਟੀ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਇਹ ਸਮੱਸਿਆ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੱਲ ਹੋਣੀ ਚਾਹੀਦੀ ਸੀ। ਆੜ੍ਹਤੀ ਪ੍ਰਹਿਲਾਦ ਸਿੰਗਲਾ ਤੇ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਪਹਿਲਾਂ ਸੈਕਟਰੀ ਕੋਲ ਜਾ ਕੇ ਉਨ੍ਹਾਂ ਦੀ ਆਈਡੀ ਤੋਂ ਕਿਸਾਨ ਪੋਰਟਲ ’ਤੇ ਰਜਿਸਟਰਡ ਹੋ ਜਾਂਦਾ ਸੀ ਪਰ ਹੁਣ ਤਿੰਨ-ਚਾਰ ਦਿਨ ਤੋਂ ਮੈਪ ਨਹੀਂ ਹੋ ਰਿਹਾ। ਅਜਿਹਾ ਨਾ ਹੋਣ ’ਤੇ ਜ਼ਿਮੀਦਾਰ ਦੀ ਜਮ੍ਹਾਂਬੰਦੀ ਅਪਲੋਡ ਨਹੀਂ ਹੋਵੇਗੀ ਜਿਸ ਕਰ ਕੇ ਜਿਣਸ ਵੇਚਣ ਤੇ ਖਰੀਦਣ ’ਚ ਕਿਸਾਨ ਤੇ ਆ੍ਹੜਤੀ ਦੋਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਸੈਕਟਰੀ ਕੋਲ ਆੜ੍ਹਤੀਆਂ ਦੀਆਂ ਦਰਜਨਾਂ ਦੁਕਾਨਾਂ ਅੱਗੇ ਪੱਟੇ ਹੋਏ ਮੰਡੀ ਦੇ ਫੜ੍ਹ ਦਾ ਕੰਮ ਮੁਕੰਮਲ ਨਾ ਹੋਣ ਦਾ ਮੁੱਦਾ ਵੀ ਚੁੱਕਿਆ ਗਿਆ। ਆੜ੍ਹਤੀਆਂ ਦੇ ਵਫ਼ਦ ਨੇ ਸੈਕਟਰੀ ਨੂੰ ਮੌਕਾ ਦਿਖਾਇਆ। ਆੜ੍ਹਤੀ ਧਰਮਿੰਦਰ ਕੁਮਾਰ ਤੇ ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ ਨੇ ਕਿਹਾ ਕਿ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੇਬਰ ਵਧਾ ਕੇ ਕੰਮ ਤੇਜ਼ ਕਰਨਾ ਚਾਹੀਦਾ ਸੀ ਪਰ ਇੱਥੇ ਉਲਟਾ ਮਜ਼ਦੂਰ ਘੱਟ ਕਰ ਦਿੱਤੇ ਗਏ ਜਿਸ ਕਰਕੇ ਜਿਹੜਾ ਕੰਮ ਪਿਛਲੇ ਮਹੀਨੇ ਮੁਕੰਮਲ ਹੋਣ ਜਾਣਾ ਚਾਹੀਦਾ ਸੀ ਪਰ ਹਾਲੇ ਵੀ ਲਟਕ ਰਿਹੈ।
ਕੀ ਕਹਿੰਦੇ ਨੇ ਅਧਿਕਾਰੀ
ਮਾਰਕਿਟ ਕਮੇਟੀ ਦੇ ਸੈਕਟਰੀ ਕਮਲਪ੍ਰੀਤ ਸਿੰਘ ਕਲਸੀ ਨੇ ਕਿਹਾ ਕਿ ਪੋਰਟਲ ਦੀ ਸਮੱਸਿਆ ਬਾਰੇ ਮੰਡੀ ਬੋਰਡ ਦੇ ਮੁੱਖ ਦਫ਼ਤਰ ਗੱਲ ਹੋ ਗਈ ਹੈ। ਉੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਕੁਝ ਘੰਟੇ ਅੰਦਰ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਇਕ ਨਵੀਂ ਸਹੂਲਤ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਨਾਲ ਦੋਵੇਂ ਪਾਸੇ ਕਿਸਾਨ ਰਜਿਸਟਰਡ ਹੋ ਸਕਣਗੇ। ਫੜ੍ਹ ਦੇ ਅਧੂਰੇ ਕੰਮ ਬਾਰੇ ਉਨ੍ਹਾਂ ਕਿਹਾ ਕਿ ਐੱਸਡੀਓ ਨਾਲ ਗੱਲ ਹੋ ਗਈ ਤੇ ਦੋ ਦਿਨਾਂ ਅੰਦਰ ਬਣਦਾ ਫੜ੍ਹ ਦਾ ਕੰਮ ਮੁਕੰਮਲ ਹੋ ਜਾਵੇਗਾ।