ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਕਤੂਬਰ
ਪੰਜਾਬ ਭਰ ਵਿੱਚ ਕਿਸਾਨ ਜੱਥੇਬੰਦੀਆਂ ਦੇ ਸੱਦੇ ’ਤੇ ਨੌਜਵਾਨ ਸਭਾ ਬੀਆਰਐੱਸਨਗਰ ਦੀ ਅਗਵਾਈ ਵਿੱਚ ਜਮਹੂਰੀ ਜਨਤਕ, ਇਨਕਲਾਬੀ ਤੇ ਤਰਕਸ਼ੀਲ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਮਾਰਕੀਟ ਵਿੱਚ ਰਲਾਇੰਸ ਫਰੈਸ਼ ਸਟੋਰ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ, ਅਡਾਨੀ- ਅੰਬਾਨੀ ਖ਼ਿਲਾਫ਼ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਕਰਨਲ ਜੇਐੱਸ ਬਰਾੜ ਅਤੇ ਜਮਹੂਰੀ ਤੇ ਤਰਕਸ਼ੀਲ ਆਗੂ ਜਸਵੰਤ ਜੀਰਖ , ਨੌਜਵਾਨ ਸਭਾ ਦੇ ਆਗੂ ਰਾਕੇਸ਼ ਆਜ਼ਾਦ ਅਤੇ ਐਡਵੋਕੇਟ ਹਰਪ੍ਰੀਤ ਜੀਰਖ ਨੇ ਸੰਬੋਧਨ ਕੀਤਾ। ਰੋਸ ਪ੍ਰਦਰਸ਼ਨ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਰੁਣ ਕੁਮਾਰ, ਸੁਬੇਗ ਸਿੰਘ, ਬਲਵਿੰਦਰ ਸਿੰਘ ਲਾਲ ਬਾਗ਼, ਜਗਜੀਤ ਸਿੰਘ, ਸਤੀਸ਼ ਸੱਚਦੇਵਾ, ਰਾਜੀਵ ਕੁਮਾਰ, ਸੰਦੀਪ ਦਰਦੀ, ਸਤਨਾਮ ਸਿੰਘ, ਹਰਸਾ ਸਿੰਘ, ਬਲਵਿੰਦਰ ਸਿੰਘ ਸੁਨੇਤ ਸਮੇਤ ਨੌਜਵਾਨ ਸਭਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਲੁਧਿਆਣਾ ਵਿੱਚ ਅੱਜ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਹੱਕ ’ਚ ਪ੍ਰਗਤੀਸ਼ੀਲ ਲੇਖਕ ਸਭਾ ਅਤੇ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦੇ ਵੀ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਪ੍ਰਗਤੀਸ਼ੀਲ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ, ਸਭਾ ਦੇ ਮੈਂਬਰਾਂ ਹਰਬੰਸ ਮਾਲਵਾ, ਬਲਕੌਰ ਸਿੰਘ ਗਿੱਲ, ਸਿਮਰਨ ਨੇ ਕਿਹਾ ਕਿ ਸਭਾ ਵੱਲੋਂ ਪਹਿਲਾਂ ਜਲੰਧਰ, ਪਟਿਆਲਾ ਅਤੇ ਹੁਣ ਲੁਧਿਆਣਾ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਤਰਕਸ਼ੀਲ ਸੁਸਾਇਟੀ ਵੱਲੋਂ ਜਸਵੰਤ ਜੀਰਖ, ਸੁਭੇਗ ਸਿੰਘ, ਹਰਪ੍ਰੀਤ ਜੀਰਖ ਅਤੇ ਅਰੁਨ ਕੁਮਾਰ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ।
ਖੰਨਾ(ਪੱਤਰ ਪ੍ਰੇਰਕ): ਅੱਜ ਇਥੇ ਕਿਸਾਨ-ਮਜ਼ਦੂਰ ਜੱਥੇਬੰਦੀਆਂ, ਸਾਬਕਾ ਸੈਨਿਕ, ਆੜ੍ਹਤੀ ਐਸੋਸੀਏਸ਼ਨ, ਮੁਨੀਮ ਯੂਨੀਅਨ, ਗਾਇਕ ਤੇ ਕਲਾਕਾਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਤੋਂ ਰੋਸ ਮਾਰਚ ਕਰਦੇ ਹੋਏ ਜੀਟੀ ਰੋਡ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਬੈਨੀਪਾਲ, ਅੰਮ੍ਰਿਤਪਾਲ ਸਿੰਘ ਰਾਜੇਵਾਲ, ਗੁਰਦੀਪ ਸਿੰਘ ਭੱਟੀ, ਜਗਤਾਰ ਸਿੰਘ ਕੁਲਾਰ ਅਤੇ ਜਸਵੰਤ ਸਿੰਘ ਬੀਜਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ , ਬਿੱਟੂ ਖੰਨਾ ਵਾਲਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਯਾਦਵਿੰਦਰ ਸਿੰਘ ਲਬਿੜਾ, ਸੁਖਵੰਤ ਸਿੰਘ ਟਿੱਲੂ, ਦਰਸ਼ਨ ਸਿੰਘ ਨਰੂਲਾ ਅਤੇ ਰਮੇਸ਼ ਬੱਤਾ ਨੇ ਸੰਬੋਧਨ ਕੀਤਾ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵੀਰ ਸਿੰਘ ਨਾਨੋਵਾਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਮੋਦੀ ਸਰਕਾਰ ਵੱਲੋਂ ਖੇਤੀ ਖ਼ਿਲਾਫ਼ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਨ੍ਹਾਂ ਦੇ ਵਿਰੋਧ ਵਜੋਂ ਅੱਜ ਦੇ ਰਾਵਣ ਮੋਦੀ ਦਾ ਪੁਤਲਾ ਸਾੜਿਆ ਗਿਆ ਹੈ ਤਾਂ ਜੋ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਹੋ ਸਕਣ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਜੋ 2017 ’ਚ ਖੇਤੀ ਬਿੱਲ ਪਾਸ ਕੀਤੇ ਸੀ ਉਨ੍ਹਾਂ ਨੂੰ ਵਾਪਿਸ ਲਵੇ। ਲਖਵੀਰ ਸਿੰਘ ਨਾਨੋਵਾਲ ਨੇ ਦੱਸਿਆ ਕਿ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ 19 ਅਕਤੂਬਰ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਸਮਰਾਲਾ(ਡੀਪੀਐੱਸ ਬੱਤਰਾ): ਇਥੇ ਹਜ਼ਾਰਾਂ ਹੀ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਭਾਰੀ ਰੋਸ ਵਿਖਾਵਾ ਕਰਦੇ ਹੋਏ ਐਲਾਨ ਕੀਤਾ ਗਿਆ ਕਿ ਕਿਸਾਨ ਆਖਰੀ ਸਾਹ ਤੱਕ ਲੜਾਈ ਲੜਦੇ ਹੋਏ ਖੇਤੀ ਸੈਕਟਰ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣਗੇ। ਇਸ ਮੌਕੇ ਇਲਾਕੇ ਦੀਆਂ ਜਥੇਬੰਦੀਆਂ ਵੀ ਸਮਰਥਨ ਲਈ ਸ਼ਾਮਲ ਸਨ, ਵੱਲੋਂ ਸਥਾਨਕ ਰੇਲਵੇ ਸਟੇਸ਼ਨ ਤੋਂ ਲੈ ਕੇ ਐੱਸਡੀਐੱਮ ਦਫ਼ਤਰ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ। ਐੱਸਡੀਐੱਮ ਦਫ਼ਤਰ ਅੱਗੇ ਪੁੱਜ ਕੇ ਭਾਰੀ ਰੋਸ ਵਿਖਾਵੇ ਦੌਰਾਨ ਕਿਸਾਨਾਂ ਵੱਲੋਂ ਮੋਦੀ ਦਾ ਪੁਤਲਾ ਫੂਕਦੇ ਹੋਏ ਭਾਜਪਾ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਰਸੂਲਪੁਰ ਦੇ ਕਿਸਾਨਾਂ ਵੱਲੋਂ ਰੋਸ ਰੈਲੀ
ਜਗਰਾਉਂ(ਚਰਨਜੀਤ ਸਿੰਘ ਢਿੱਲੋਂ): ਇਥੇ ਨੇੜਲੇ ਪਿੰਡ ਰਸੂਲਪੁਰ ਵਿੱਚ ਕਿਰਤੀ ਕਿਸਾਨ ਯੂਨੀਅਨ ਕਾਰਕੁਨਾਂ ਅਤੇ ਨੌਜਵਾਨਾਂ ਨੇ ਪਿੰਡ ਪੱਧਰ ’ਤੇ ਰੋਸ ਰੈਲੀ ਕੱਢੀ ਅਤੇ ਮੋਦੀ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਕੱਡਿਆ। ਰੋਸ ਮਾਰਚ ਦੀ ਅਗਵਾਈ ਕਰਦਿਆਂ ਲੋਕ ਆਗੂ ਹਰਦੇਵ ਮੋਰ, ਗੁਰਚਰਨ ਸਿੰਘ, ਅਵਤਰ ਰਸੂਲਪੁਰ ਮਜ਼ਦੂਰ ਆਗੂ, ਸੇਵਕਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਪਾਲੀ ਸਰਪੰਚ ਅਤੇ ਅੰਗਰੇਜ਼ ਸਿੰਘ ਨੇ ਮੋਦੀ ਦੀਆਂ ਕਾਰਪੋਰੇਟ ਘਰਾਣਿਆਂ ਨਾਲ ਭਾਈਵਾਲੀਆਂ ਅਤੇ ਦੇਸ਼ ਦੇ ਅੰਨਦਾਤੇ ਨੂੰ ਬਰਬਾਦੀ ਦੇ ਰਾਹ ਤੋਰਨ ਵਾਲੀਆਂ ਸੌੜੀਆਂ ਨੀਤੀਆਂ ਦਾ ਵਿਰੋਧ ਕੀਤਾ। ਨੌਜਵਾਨਾਂ ਨੇ ਸੂਬਾ ਸਰਕਾਰ ਤੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਲਈ ਜ਼ਮੀਨ ਖਰੀਦਣ ਵਾਲੇ ਕਨੂੰਨਾਂ ’ਚ ਸੋਧ ਦੀ ਮੰਗ ਕਰਦਿਆਂ ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ ਵਾਂਗ ਬਾਹਰੀ ਲੋਕਾਂ ਲਈ ਜ਼ਮੀਨ ਦੀ ਖਰੀਦੋ-ਫਰੋਖ਼ਤ ’ਤੇ ਤੁਰੰਤ ਪਾਬੰਦੀ ਵਾਲਾ ਕਨੂੰਨ ਬਣਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ’ਚ ਪੁੱਜਣ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਨੇ ਹੋਰ ਹਮਾਇਤੀ ਵਰਗਾਂ ਦੀ ਭਰਵੀ ਹਾਜ਼ਰੀ ’ਚ ਸ਼ਹਿਰ ’ਚ ਮਾਰਚ ਕੀਤਾ। ਮਾਰਚ ਦੀ ਅਗਵਾਈ ਕਰ ਰਹੇ ਬੂਟਾ ਸਿੰਘ ਚੱਕਰ, ਕੰਵਲਜੀਤ ਖੰਨਾ, ਹਰਦੀਪ ਗਾਲਬਿ, ਮੁਲਾਜ਼ਮ ਆਗੂ ਭੁਪਿੰਦਰ ਭਰਾੜ, ਬਲਵਿੰਦਰ ਕੋਠੇ ਪੋਨਾਂ, ਸੁਰਜੀਤ ਦਾਉਧਰ, ਸੁਖਵਿੰਦਰ ਹੰਭੜਾਂ ਨੇ ਹਰਿਆਣਾ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਤੇ ਝੂੱਠੇ ਮਾਮਲੇ ਦਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਖੱਟਰ ਨੂੰ ਜਾਬਰ ਹੱਥਕੰਡਿਆਂ ਤੋਂ ਬਾਜ਼ ਆਉਣ ਦੀ ਤਾੜਨਾ ਕੀਤੀ। ਅੱਜ 17 ਵੇਂ ਦਿਨ ਰਿਲਾਇੰਸ ਪੰਪ ਅਤੇ ਚੌਕੀਮਾਨ ਟੌਲ ਮੁਕੰਮਲ ਬੰਦ ਰਹੇ।