ਜਸਬੀਰ ਸ਼ੇਤਰਾ
ਜਗਰਾਉਂ, 15 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਜਗਰਾਉਂ ਅਤੇ ਚੌਕੀਮਾਨ ਵਿੱਚ ਧਰਨੇ ਅੱਜ ਵੀ ਜਾਰੀ ਰਹੇ। ਸਥਾਨਕ ਰੇਲਵੇ ਪਾਰਕ ਵਾਲੇ ਧਰਨੇ ਦੇ 410ਵੇਂ ਦਿਨ ਅੱਜ ਬੁਲਾਰਿਆਂ ਨੇ ਲੋਕਾਂ ਦੇ ਸਵਾਲਾਂ ਤੋਂ ਭੱਜਦੀਆਂ ਸਿਆਸੀ ਧਿਰਾਂ ਨੂੰ ਘੇਰਨ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਅੰਗਰੇਜ਼ਾਂ ਖ਼ਿਲਾਫ਼ ਆਦਿਵਾਸੀ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਜਾਨਾਂ ਕੁਰਬਾਨ ਕਰ ਗਏ ਕਿਸਾਨ ਆਗੂ ਬਿਰਸਾ ਮੁੰਡਾ ਦੇ ਜਨਮ ਦਿਨ ’ਤੇ ਦੌ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 106ਵਾਂ ਸ਼ਹੀਦੀ ਦਿਹਾੜਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ’ਚ ਜਿੱਥੇ ਦਿੱਲੀ ਮੋਰਚੇ ’ਚ ਵੀ ਸ਼ਮੂਲੀਅਤ ਲਈ ਲਾਮਬੰਦੀ ਕੀਤੀ ਗਈ, ਉਥੇ 17 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ’ਤੇ ਪਿੰਡਾਂ ’ਚ ਸ਼ਰਧਾਂਜਲੀ ਮਾਰਚ ਕੀਤੇ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਧਰਨੇ ਦੌਰਾਨ ਜਸਦੇਵ ਸਿੰਘ ਲਲਤੋਂ, ਆਤਮਾ ਸਿੰਘ ਬੋਪਾਰਾਏ, ਸਤਨਾਮ ਸਿੰਘ ਮੋਰਕਰੀਮਾ, ਰਣਜੀਤ ਸਿੰਘ ਗੁੜੇ, ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਉਜਾਗਰ ਸਿੰਘ ਬੱਦੋਵਾਲ, ਅਜਮੇਰ ਸਿੰਘ ਤਲਵੰਡੀ ਨੇ ਸੁਖਬੀਰ ਬਾਦਲ ਨੂੰ ਸਵਾਲ ਕਰਨ ’ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਦੀ ਪੱਗ ਲਾਹੁਣ ਅਤੇ ਕਿਸਾਨਾਂ ਨਾਲ ਧੱਕਾ-ਮੁੱਕੀ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਲੋਕ ਦੇ ਸੱਚੇ ਸਵਾਲਾਂ ਤੋਂ ਭੱਜਦੇ ਹਨ ਪਰ ਕਿਸਾਨ ਭੱਜਣ ਦਾ ਕੋਈ ਰਾਹ ਨਹੀਂ ਛੱਡਣਗੇ।