ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਅਕਤੂਬਰ
ਆੜ੍ਹਤੀਆਂ ਵੱਲੋਂ ਹੜਤਾਲ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਦੂਜੇ ਦਿਨ ਵੀ ਏਸ਼ੀਆ ਦੀ ਇਸ ਦੂਜੀ ਵੱਡੀ ਮੰਡੀ ’ਚ ਕੰਮਕਾਜ ਠੱਪ ਰਿਹਾ ਅਤੇ ਝੋਨੇ ਦੀ ਖਰੀਦ ਨਹੀਂ ਹੋਈ। ਝੋਨੇ ਦੀ ਸਰਕਾਰੀ ਖਰੀਦ ਭਾਵੇਂ ਬੀਤੇ ਕੱਲ੍ਹ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਝੋਨੇ ਦੀ ਆਮਦ ਹਾਲੇ ਇਥੇ ਸ਼ੁਰੂ ਨਹੀਂ ਹੋਈ। ਜੇਕਰ ਸਰਕਾਰ ਨੇ ਆੜ੍ਹਤੀਆਂ ਤੇ ਗੱਲਾ ਮਜ਼ਦੂਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਅਤੇ ਹੜਤਾਲ ਲੰਬੀ ਚੱਲਣ ’ਤੇ ਝੋਨੇ ਦੀ ਆਮਦ ਸਮੇਂ ਸਮੱਸਿਆ ਗੰਭੀਰ ਹੋ ਸਕਦੀ ਹੈ। ਆੜ੍ਹਤੀ ਐਸੋਸੀਏਸ਼ਨ ਅਤੇ ਗੱਲਾ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਸਮੁੱਚੇ ਮਜ਼ਦੂਰਾਂ ਤੇ ਆੜ੍ਹਤੀਆਂ ਨੇ ਕੰਮ ਬੰਦ ਕਰਕੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਰੋਹ ਭਰਪੂਰ ਰੋਸ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਨ੍ਹਈਆ ਲਾਲ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਗੁਰਮੀਤ ਸਿੰਘ, ਜਤਿੰਦਰ ਸਿੰਘ ਚਚਰਾੜੀ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਦੇਵਰਾਜ, ਜਗਤਾਰ ਸਿੰਘ ਤਾਰੀ, ਅਮਰ ਨਾਥ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਆੜ੍ਹਤੀ ਵਰਗ ਦੀ ਆੜ੍ਹਤ ਪ੍ਰਤੀ ਕੁਇੰਟਲ ’ਚ 12 ਰੁਪਏ ਵਾਧਾ ਕਰਨ, ਗੱਲਾ ਮਜ਼ਦੂਰਾਂ ਦੀ ਮਜ਼ਦੂਰੀ ‘ਚ ਪੱਚੀ ਫ਼ੀਸਦੀ ਵਾਧਾ ਕਰਨ , ਸ਼ੈਲਰਾਂ ‘ਚ ਪਿਛਲੇ ਸੀਜ਼ਨ ਦਾ ਪਿਆ ਚੌਲ ਚੁੱਕਣ ਅਤੇ ਅਗਲੇ ਸੀਜ਼ਨ ਲਈ ਥਾਂ ਖਾਲੀ ਕਰਨ, ਪੱਕੀਆਂ ਕੱਚੀਆਂ ਮੰਡੀਆਂ ‘ਚ ਸੁੱਰਖਿਆ ਦਾ ਪੱਕਾ ਪ੍ਰਬੰਧ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਧਰਨੇ ‘ਚ ਜਗਸੀਰ ਸਿੰਘ ਕਲੇਰ, ਮਨੋਹਰ ਲਾਲ, ਸਵਰਨਜੀਤ ਗਿੱਲ, ਬਲਰਾਜ ਖਹਿਰਾ, ਵਰਿੰਦਰ ਬਾਂਸਲ ਹਾਜ਼ਰ ਸਨ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਅੱਜ ਮਾਛੀਵਾੜਾ ਅਨਾਜ ਮੰਡੀ ਵਿੱਚ ਦੂਜੇ ਦਿਨ ਵੀ ਸਰਕਾਰੀ ਖਰੀਦ ਸ਼ੁਰੂ ਨਾ ਹੋ ਸਕੀ ਅਤੇ ਮੰਡੀਆਂ ਵਿਚ ਫਸਲ ਵੇਚਣ ਆਏ ਕਿਸਾਨ ਖਰੀਦ ਏਜੰਸੀਆਂ ਦਾ ਇੰਤਜ਼ਾਰ ਕਰਦੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਤੇ ਜਾਣਕਾਰੀ ਅਨੁਸਾਰ ਕਰੀਬ 50 ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਆ ਚੁੱਕਿਆ ਹੈ। ਅੱਜ ਦੂਜੇ ਦਿਨ ਵੀ ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਕਿਸੇ ਵੀ ਖਰੀਦ ਏਜੰਸੀ ਦਾ ਨੁਮਾਇੰਦਾ ਫਸਲ ਦਾ ਭਾਅ ਲਗਾਉਣ ਨਹੀਂ ਆਇਆ। ਮੰਡੀ ਵਿੱਚ ਫਸਲ ਵੇਚਣ ਆਏ ਨੱਥਾ ਸਿੰਘ ਮੰਡ ਗੌਂਸਗੜ੍ਹ ਅਤੇ ਬਲਦੇਵ ਸਿੰਘ ਕਾਉਂਕੇ ਨੇ ਦੱਸਿਆ ਕਿ ਉਹ ਅਪਾਣੀ ਫਸਲ ਵੇਚਣ ਲਈ ਪਿਛਲੇ 4 ਦਿਨਾਂ ਤੋਂ ਮੰਡੀ ਵਿੱਚ ਬੈਠਾ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਫਸਲ ਵਿਕ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆੜ੍ਹਤੀਆਂ, ਮਜ਼ਦੂਰਾਂ ਤੇ ਸ਼ੈੱਲਰ ਮਾਲਕਾਂ ਦਾ ਸਰਕਾਰ ਨਾਲ ਰੇੜਕਾ ਚੱਲ ਰਿਹਾ ਹੈ ਪਰ ਉਸ ਦਾ ਖੁਮਿਆਜ਼ਾ ਕਿਸਾਨ ਭੁਗਤ ਰਹੇ ਹਨ। ਇੱਕ ਹੋਰ ਕਿਸਾਨ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਅਤੇ ਮੰਡੀਆਂ ਵਿਚ ਫਸਲ ਖਰੀਦ ਦਾ ਕੰਮ ਸ਼ੁਰੂ ਕਰਵਾਏ।
ਦੂਸਰੇ ਪਾਸੇ ਅੱਜ ਪ੍ਰਸਾਸ਼ਨ ਤੇ ਆੜ੍ਹਤੀਆਂ ਵਿਚਕਾਰ ਫਸਲ ਖਰੀਦ ਸ਼ੁਰੂ ਕਰਨ ਸਬੰਧੀ ਮੀਟਿੰਗਾਂ ਦਾ ਦੌਰ ਵੀ ਚੱਲਦਾ ਰਿਹਾ ਪਰ ਕੋਈ ਹੱਲ ਨਾ ਨਿਕਲ ਸਕਿਆ। ਆੜ੍ਹਤੀਆਂ ਦਾ ਕਹਿਣਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ ਅਤੇ ਮੰਡੀਆਂ ’ਚੋਂ 72 ਘੰਟੇ ਅੰਦਰ ਫਸਲ ਲਿਫਟਿੰਗ ਯਕੀਨੀ ਬਣਾਵੇ ਤਾਂ ਉਹ ਖਰੀਦ ਸ਼ੁਰੂ ਕਰਵਾ ਦੇਣਗੇ।
ਫਸਲ ਨਾ ਵਿਕੀ ਤਾਂ ਵਿਗੜ ਸਕਦਾ ਹੈ ਮਾਹੌਲ
ਮੰਡੀਆਂ ਵਿੱਚ ਫਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਅਤੇ ਫੜ੍ਹਾਂ ’ਚ ਲੱਗਣ ਵਾਲੀਆਂ ਢੇਰੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਆਉਂਦੇ ਇੱਕ-ਦੋ ਦਿਨਾਂ ਵਿੱਚ ਸਰਕਾਰੀ ਖਰੀਦ ਸ਼ੁਰੂ ਨਾ ਹੋਈ ਤਾਂ ਮਾਹੌਲ ਵਿਗੜ ਸਕਦਾ ਹੈ। ਦੂਜੇ ਪਾਸੇ ਕਿਸਾਨ ਯੂਨੀਅਨਾਂ ਵੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਸਰਕਾਰ ਅਤੇ ਪ੍ਰਸਾਸ਼ਨ ਖ਼ਿਲਾਫ਼ ਲਾਮਬੰਦੀ ਕਰ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਬੇਸ਼ੱਕ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਗੁਦਾਮਾਂ ’ਚੋਂ ਅਨਾਜ ਚੁਕਾਉਣ ਲਈ ਕਿਹਾ ਗਿਆ ਹੈ ਪਰ ਇਸ ਸਮੱਸਿਆ ਦਾ ਫੌਰੀ ਹੱਲ ਨਿਕਲਨਾ ਬਹੁਤ ਜ਼ਰੂਰੀ ਹੈ।