ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਦਸੰਬਰ
ਦਿੱਲੀ ਕਿਸਾਨ ਮੋਰਚੇ ’ਚ ਸ਼ਾਮਿਲ ਦੇਸ਼ ਦੇ ਹਰ ਖਿੱਤੇ ਦੇ ਕਿਸਾਨਾਂ ਦੀ ਚੜ੍ਹਦੀਕਲਾ ਲਈ ਚੌਂਕੀਮਾਨ ਟੌਲ ਪਲਾਜ਼ਾ ਅਤੇ ਰੇਲਵੇ ਸਟੇਸ਼ਨ ਧਰਨੇ ਵਿਚ ਸ਼ਾਮਿਲ ਵਡੇਰੀ ਉਮਰ ਦੇ ਕਿਸਾਨ ਬਾਬਿਆਂ ਨੇ ਅਰਦਾਸ ਬੇਨਤੀ ਕੀਤੀ।
ਚੌਂਕੀਮਾਨ ਧਰਨੇ ਵਿਚ ਕਿਸਾਨਾਂ ਦੇ ਹੌਸਲੇ ਉਦੋਂ ਦੂਣ ਸਵਾਏ ਹੋ ਗਏ ਜਦੋਂ ਬਾਰ ਐਸੋਸੀਏਸ਼ਨ ਜਗਰਾਉਂ ਦਾ ਵਕੀਲਾਂ ਦਾ ਵਫ਼ਦ ਉਨ੍ਹਾਂ ’ਚ ਸ਼ਾਮਿਲ ਹੋਇਆ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਸਾਥੀ ਸਤਨਾਮ ਸਿੰਘ ਮੋਰਕਰੀਮਾਂ, ਅਮਨਦੀਪ ਸਿੰਘ ਅਮਨਾ, ਕੁਲਵੰਤ ਮੋਰਕਰੀਮਾਂ, ਮਾਸਟਰ ਮੁਕੰਦ ਸਿੰਘ ਮਾਨ ਆਖਿਆ ਕਿ ਕਿਸਾਨਾਂ ਦੇ ਏਕੇ ਅਤੇ ਭਾਈਚਾਰਕ ਸਾਂਝ ਨੇ ਮੋਦੀ ਹਕੂਮਤ ਦੇ ਸਾਰੇ ਭਰਮ ਤੋੜ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅੱਜ ਦੇਸ਼ ਦਾ ਹਰ ਵਰਗ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਮੋਰਚੇ ਦੀ ਦਿਲੋਂ ਹਮਾਇਤ ਕਰ ਰਿਹਾ ਹੈ।
ਇਸੇ ਦੌਰਾਨ ਰੇਲਵੇ ਸਟੇਸ਼ਨ ਧਰਨੇ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਰੋਡਵੇਜ਼ ਮੁਲਾਜ਼ਮ ਆਗੂ ਜਗਦੀਸ਼ ਚਾਹਲ, ਪ੍ਰੋ. ਪ੍ਰੀਤਮ ਸਿੰਘ, ਹਰਬੰਸ ਅਖਾੜਾ, ਪ੍ਰੋ. ਕਰਮ ਸਿੰਘ ਸੰਧੂ, ਸਾਥੀ ਜਤਿੰਦਰ ਮਲਕ ਨੇ ਆਖਿਆ ਕਿ ਦੇਸ਼ ਦੇ ਕੋਨੇ-ਕੋਨੇ ਵਿਚੋਂ ਦਿੱਲੀ ਮੋਰਚੇ ’ਚ ਪਹੁੰਚ ਕੇ ਕਿਸਾਨਾਂ ਨੇ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਾ ਪਾਉਂਦਿਆਂ ਨਿਵੇਕਲੀ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਸਿਆਸਤ ’ਚ ਕੂਹਣੀ ਮੋੜ ਸਾਬਤ ਹੋਵੇਗਾ। ਦਿੱਲੀ ਮੋਰਚਾ ਭਾਜਪਾ ਦੀ ਫਾਸ਼ੀਵਾਦ ਹਕੂਮਤ ਦੇ ਵਿਰੋਧ ’ਚ ਨਵਾਂ ਇਤਿਹਾਸ ਸਿਰਜੇਗਾ। ਧਰਨੇ ’ਚ ਖ਼ਾਸ ਤੌਰ ’ਤੇ ਪੁੱਜੇ ਰੰਗਕਰਮੀ ਸੁਰਿੰਦਰ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੀ ਇੱਥੋਂ ਦੇ ਵਕੀਲਾਂ ਨੇ ਹਮਾਇਤ ਕੀਤੀ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੰਦੀਪ ਸਿੰਘ ਔਜਲਾ ਦੀ ਅਗਵਾਈ ਹੇਠਾਂ ਵਕੀਲਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਕੋਰਟ ਕੰਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਸ੍ਰੀ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਖੰਨਾ ਦੇ ਵਕੀਲਾਂ ਵੱਲੋਂ ਪੂਰਨ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਹੀ ਖ਼ੁਸ਼ਹਾਲ ਨਹੀਂ ਹੋਵੇਗਾ ਤਾਂ ਦੇਸ਼ ਕਿਵੇਂ ਖ਼ੁਸ਼ਹਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਬਿਨਾਂ ਸ਼ਰਤ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ।
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਇਸਤਰੀ ਵਿੰਗ ਦੀ ਇਕੱਤਰਤਾ ਇੰਦਰਜੀਤ ਕੌਰ ਪੰਧੇਰ ਦੀ ਅਗਵਾਈ ਹੇਠ ਹੋਈ। ਇਸ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਬੀਬੀ ਪੰਧੇਰ ਨੇ ਕਿਹਾ ਕਿ ਦਿੱਲੀ ਬੈਠੇ ਕਿਸਾਨਾਂ ਦੀ ਖੰਨਾ ਇਲਾਕੇ ਦੀਆਂ ਪਾਰਟੀ ਨਾਲ ਸਬੰਧਤ ਔਰਤਾਂ ਹਮਾਇਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਬੀਬੀਆਂ ਦਾ ਜਥਾ ਦਿੱਲੀ ਰਵਾਨਾ ਹੋਵੇਗਾ। ਇਸ ਮੌਕੇ ਰਵਿੰਦਰ ਕੌਰ ਰੰਗੀ ਨੂੰ ਪਾਰਟੀ ਸਰਕਲ ਦਾ ਕੋਆਰਡੀਨੇਟਰ ਥਾਪਿਆ ਗਿਆ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਬਾਬਾ ਨੂਰਾਮਾਹੀ ਟੈਕਸੀ ਯੂਨੀਅਨ ਤੇ ਵਾਹਿਗੁਰੂ ਟੈਕਸੀ ਯੂਨੀਅਨ ਰਾਏਕੋਟ ਵੱਲੋਂ ਕਿਸਾਨ ਦੇ ਸੰਘਰਸ਼ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਯੂਨੀਅਨਾਂ ਦੇ ਕਾਰਕੁਨਾਂ ਨੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਧਾਨ ਕੁਲਜੀਤ ਸਿੰਘ ਬੁਰਜ, ਗੁਰਮਿੰਦਰ ਸਿੰਘ ਤੂਰ ਤੇ ਰਛਪਾਲ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਟੈਕਸੀ ਧੰਦਾ ਵੀ ਠੱਪ ਹੋ ਜਾਵੇਗਾ।
ਲੁਧਿਆਣਾ (ਸਤਵਿੰਦਰ ਬਸਰਾ): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਚ ਹੋਈ। ਜੀਟੀਯੂ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨ ਲਈ ਮਸ਼ਾਲ ਮਾਰਚ, ਸਰਕਾਰ ਦੀਆਂ ਅਰਥੀਆਂ ਫੂਕਣ ਸਣੇ ਯੂਨੀਅਨ ਦਾ ਕਾਫ਼ਲਾ ਅੱਜ ਸ਼ਾਮ ਨੂੰ ਸ਼ੰਭੂ ਬਾਰਡਰ ਤੋਂ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ।