ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 10 ਨਵੰਬਰ
ਸਰਕਾਰ ਨੇ ਵੀਰਵਾਰ ਤੋਂ ਬਾਅਦ ਮੰਡੀਆਂ ਵਿੱਚ ਫਸਲ ਲਿਆਉਣ ’ਤੇ ਰੋਕ ਲਗਾ ਦਿੱਤੀ ਹੈ, ਜਦਕਿ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੇ ਆਪਣੀ ਝੋਨੇ ਦੀ ਫਸਲ ਹਾਲੀਂ ਕੱਟਣੀ ਹੈ। ਇਸ ਕਾਰਨ ਕਿਸਾਨਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਨਿੱਜੀ ਖਰੀਦਦਾਰਾਂ ਦੇ ਤਰਸ ’ਤੇ ਰਹਿ ਕੇ ਫਸਲ ਕੌਡੀਆਂ ਭਾਅ ਵੇਚਨੀ ਪੈ ਸਕਦੀ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਢਾਅ ਲਗਾਉਣ ਲਈ ਜਾਣਬੁੱਝ ਕੇ ਸਰਕਾਰੀ ਖਰੀਦ ਬੰਦ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਘੱਟੋ ਘੱਟ ਹੋਰ ਦਸ ਦਿਨਾਂ ਲਈ ਖਰੀਦ ਚਾਲੂ ਰੱਖੀ ਜਾਵੇ। ਆਲ ਇੰਡੀਆ ਕਿਸਾਨ ਸਭਾ ਆਗੂ ਬਲਦੇਵ ਸਿੰਘ ਲਤਾਲਾ ਦੀ ਅਗਵਾਈ ਹੇਠ ਕਿਸਾਨਾਂ ਨੇ ਦੱਸਿਆ ਕਿ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਹੁਕਮ ਚਾੜ੍ਹ ਦਿੱਤੇ ਕਿ ਖਰੀਦ ਕੇਂਦਰਾਂ ’ਤੇ ਆਉਣ ਵੇਲੇ ਟਰਾਲੀਆਂ ਦੀ ਵੀਡੀਓ ਬਣਾਈ ਜਾਵੇ ਤਾਂ ਕੇ ਕਿਸਾਨ ਆਪਣੀ ਫਸਲ ਪਹਿਲਾਂ ਲਿਆਂਦੀ ਹੋਣ ਦਾ ਦਾਅਵਾ ਨਾ ਕਰ ਸਕੇ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਹੁਕਮ ਉਪਰੰਤ ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਭਾਜੜ ਦਾ ਮਾਹੌਲ ਪੈਦਾ ਹੋ ਗਿਆ। ਮੰਡੀ ’ਚ ਅਚਾਨਕ ਝੋਨੇ ਦੀ ਆਮਦ ਵਿਚ ਤੇਜ਼ੀ ਆ ਗਈ। ਹਾਲਾਂਕਿ ਮੰਡੀ ਵਿਚ ਖਰੀਦ ਦਾ ਹੁਣ ਤੱਕ ਦਾ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਫ਼ਿਰ ਵੀ ਕਿਸਾਨਾਂ ਨੂੰ ਫ਼ਸਲ ਨਾਲ ਵਿਕਣ ਦਾ ਡਰ ਸਤਾ ਰਿਹਾ ਹੈ।