ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਦਸੰਬਰ
ਇਥੇ ਕੌਮੀ ਸ਼ਾਹਰਾਹ-95 ਸਥਿਤ ਚੌਕੀਮਾਨ ਟੌਲ ’ਤੇ ਕਿਸਾਨਾਂ ਦਾ ਧਰਨਾ ਐਤਵਾਰ ਨੂੰ ਵੀ ਜਾਰੀ ਰਿਹਾ। ਕੜਾਕੇ ਦੀ ਠੰਢ ਅਤੇ ਧੁੰਦ ਦੇ ਬਾਵਜੂਦ ਕਿਸਾਨਾਂ ਟੌਲ ਪਲਾਜ਼ੇ ’ਤੇ ਡਟੇ ਰਹੇ। ਯਾਦ ਰਹੇ ਕਿ 15 ਦਸੰਬਰ ਨੂੰ ਇਹ ਧਰਨਾ ਚੁੱਕਣ ਦੇ ਐਲਾਨ ਹਿੱਤ ਸਮਾਗਮ ਵੀ ਕਰਵਾਇਆ ਗਿਆ ਸੀ ਪਰ ਉਦੋਂ ਹੀ ਟੌਲ ਕੰਪਨੀਆਂ ਵੱਲੋਂ ਪੰਜਾਬ ’ਚ ਟੌਲ ਦਰਾਂ ’ਚ ਭਾਰੀ ਵਾਧੇ ਦੀ ਖ਼ਬਰ ਸਾਹਮਣੇ ਆ ਗਈ ਜਿਸ ਮਗਰੋਂ ਹੋਰਨਾਂ ਥਾਵਾਂ ਵਾਂਗ ਇਥੇ ਵੀ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਇਹ ਧਰਨਾ ਜਾਰੀ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਿਲ ਕੇ ਇਹ ਧਰਨਾ ਦਿੱਤਾ ਜਾ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਜਸਦੇਵ ਸਿੰਘ ਲਲਤੋਂ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਮਾਸਟਰ ਆਤਮਾ ਸਿੰਘ ਬੋਪਾਰਾਏ, ਰਣਜੀਤ ਸਿੰਘ ਗੁੜੇ, ਕੈਪਟਨ ਕੁਲਰਾਜ ਸਿੰਘ, ਰਣਜੀਤ ਸਿੰਘ ਸਿੱਧਵਾਂ ਆਦਿ ਨੇ ਕਿਹਾ ਕਿ ਪੁਰਾਣੇ ਰੇਟ ਬਹਾਲ ਕੀਤੇ ਜਾਣ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਨੇ ਆਮ ਸਹਿਮਤੀ ਨਾਲ ਫ਼ੈਸਲਾ ਕੀਤਾ ਕਿ ਉਹ ਸੰਯੁਕਤ ਕਿਸਾਨ ਮੋਰਚਾ (ਦਿੱਲੀ) ਦੀ ਆਗੂ ਟੀਮ ਵੱਲੋਂ ਚੋਣਾਂ ਸਬੰਧੀ ਦਿੱਤੇ ਆਦੇਸ਼ਾਂ ਤੇ ਸੇਧਾਂ ’ਤੇ ਡਟੇ ਰਹਿਣਗੇ। ਉਨ੍ਹਾਂ ਕੇਂਦਰੀ ਖੇਤਰੀ ਮੰਤਰੀ ਨਰੇਂਦਰ ਤੋਮਰ ਦੇ ‘ਇਕ ਕਦਮ ਪਿੱਛੇ ਹਟਣ’ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੇ ਜੇ ਤਿੰਨ ਖੇਤੀ ਕਾਨੂੰਨ ਹੂ-ਬ-ਹੂ ਜਾਂ ਕਿਸੇ ਸੋਧ ਤੇ ਕਿਸੇ ਹੋਰ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਵਾਂਗ ਦੇਸ਼-ਵਿਆਪੀ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਯਾਦ ਕਰਵਾਇਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਸੰਘਰਸ਼ ਮੁਲਤਵੀ ਕੀਤਾ ਹੈ ਨਾ ਕਿ ਰੱਦ। ਧਰਨੇ ’ਚ ਜਗਤਾਰ ਸਿੰਘ ਤਲਵੰਡੀ, ਹਰਬੰਸ ਸਿੰਘ, ਬਲਦੇਵ ਸਿੰਘ ਪੰਡੋਰੀ, ਅਮਰਪਾਲ ਸਿੰਘ, ਬਲਰਾਜ ਸਿੰਘ, ਗੁਰਦਿਆਲ ਸਿੰਘ ਤਲਵੰਡੀ, ਗੁਰਮੇਲ ਸਿੰਘ ਢੱਟ, ਬਲਵੰਤ ਸਿੰਘ ਗੁੜੇ, ਗੁਰਮੇਲ ਸਿੰਘ ਕੁਲਾਰ, ਬਹਾਦਰ ਸਿਘ ਕੁਲਾਰ ਆਦਿ ਮੌਜੂਦ ਸਨ।