ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 8 ਅਗਸਤ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਚੌਕੀਮਾਨ ਟੌਲ ’ਤੇ ਚੱਲਦੇ ਕਿਸਾਨ ਸੰਘਰਸ਼ ਮੋਰਚੇ ’ਚ ‘ਕਾਰਪੋਰੇਟ ਖੇਤੀ ਛੱਡੋ’ ਪ੍ਰੋਗਰਾਮ ਤਹਿਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਅਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਤਨਾਮ ਸਿੰਘ ਮੋਰਕਰੀਮਾ ਨੇ ਦੱਸਿਆ ਕਿ ਇਸ ਸਬੰਧੀ ਤਿਆਰੀ ਪੂਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਬੜੀ ਬੇਸ਼ਰਮੀ ਨਾਲ ਸ਼ਰ੍ਹੇਆਮ ਕਾਰਪੋਰੇਟ ਘਰਾਣਿਆਂ ਦੇ ਹੱਕ ’ਚ ਭੁਗਤ ਰਹੀ ਹੈ। ਖੇਤੀ ਮੰਤਰੀ ਲੋਕਾਂ ਅਤੇ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਦੀ ਥਾਂ ਇਨ੍ਹਾਂ ਘਰਾਣਿਆਂ ਦਾ ਹੱਕ ਪੂਰਦੇ ਨਜ਼ਰ ਆਉਂਦੇ ਹਨ। ਧਰਨੇ ਦੇ ਸ਼ੁਰੂ ’ਚ ਗਾਇਕ ਬਲਵੰਤ ਤਲਵੰਡੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਧਰਨੇ ਤੋਂ ਪਹਿਲਾਂ ਪਿੰਡ ਪੰਡੋਰੀ ’ਚ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਕੀਮਤ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ’ਚ ਕਿਸਾਨ ਬੀਬੀਆਂ ਤੇ ਮਜ਼ਦੂਰ ਔਰਤਾਂ ਨੇ ਮੋਦੀ ਹਕੂਮਤ ਦਾ ਪਿੱਟ ਸਿਆਪਾ ਕੀਤਾ। ਰੇਲਵੇ ਪਾਰਕ ਜਗਰਾਉਂ ਵਿੱਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ 312ਵੇਂ ਦਿਨ ’ਚ ਦਾਖਲ ਹੋ ਗਿਆ।
ਘੁਡਾਣੀ ਕਲਾਂ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਰਵਾਨਾ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਿੰਡ ਘਡਾਣੀ ਕਲਾਂ ਦਾ ਜਥਾ ਦਿੱਲੀ ਵੱਲ ਰਵਾਨਾ ਹੋਇਆ। ਜਥੇ ਨੂੰ ਰਵਾਨਾ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਦਲਜੀਤ ਸਿੰਘ ਬਿੱਟੂ ਤੇ ਸਰਬਜੀਤ ਸਿੰਘ ਪ੍ਰਧਾਨ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਨ ਲਈ ਸਰਕਾਰ ਢੀਠ ਹੋਈ ਬੈਠੀ ਹੈ ਪਰ ਸਰਕਾਰ ਨੂੰ ਨੀਂਦੋ ਉਠਾਉਣ ਦੇ ਲਈ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਵਿੱਚ ਲਗਾਤਾਰ ਸੰਘਰਸ਼ ਜਾਰੀ ਹਨ। ਕੱਲ੍ਹ ਨੂੰ ਦਿੱਲੀ ਬਾਰਡਰ ’ਤੇ ਬੀਬੀਆਂ ਭੈਣਾਂ ਦਾ ਜਥਾ ਰਵਾਨਾ ਕੀਤਾ ਜਾਵੇਗਾ।
ਪਿੰਡਾਂ ’ਚ ਕਿਸਾਨ ਘੋਲ ਦੀ ਮਜ਼ਬੂਤੀ ਲਈ ਨਾਟਕਾਂ ਰਾਹੀਂ ਲਾਮਬੰਦੀ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਨੌ ਮਹੀਨੇ ਤੋਂ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਨਿਰੰਤਰ ਕਿਸਾਨ ਘੋਲ ਦੀ ਮਜ਼ਬੂਤੀ ਲਈ ਇਲਾਕੇ ਦੇ ਪਿੰਡਾਂ ’ਚ ਸੱਤ ਰੋਜ਼ਾ ਲਾਮਬੰਦੀ ਮੁਹਿੰਮ ਜਾਰੀ ਹੈ। ਇਸ ਤਹਿਤ ਅੱਜ ਪਿੰਡ ਡੱਲਾ, ਦੇਹੜਕਾ, ਬੱਸੂਵਾਲ ਅਤੇ ਲੰਮੇ ਪਿੰਡਾਂ ’ਚ ਕਿਸਾਨਾਂ ਨੂੰ ਸੰਘਰਸ਼ ਨਾਲ ਜੋੜਨ ਅਤੇ ਸ਼ਮੂਲੀਅਤ ਲਈ ਜਾਗਰੂਕ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਚਲਾਈ ਜਾ ਰਹੀ ਇਸ ਮੁਹਿੰਮ ਦਾ ਅੱਜ ਛੇਵਾਂ ਦਿਨ ਸੀ। ਇਸ ਦੌਰਾਨ ਇਨ੍ਹਾਂ ਪਿੰਡਾਂ ’ਚ ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਨਾਟਕ ਟੀਮ ਨੇ ਲੋਕਾਂ ਦੇ ਮਨ ’ਚ ਇਕ ਨਿਵੇਕਲੀ ਥਾਂ ਬਣਾ ਰਹੇ ਨਾਟਕ ‘ਅਣਖ ਜਿਨ੍ਹਾਂ ਦੀ ਜਿਉਂਦੀ ਹੈ’ ਰਾਹੀਂ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ।