ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 27 ਨਵੰਬਰ
ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਪੱਕੇ ਮੋਰਚੇ ਉੱਪਰ ਡਟੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਅਤੇ ਨਛੱਤਰ ਸਿੰਘ ਕਿਲ੍ਹਾ ਰਾਏਪੁਰ ਨੇ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਮੋਰਚਿਆਂ ਵਿਚ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮੌਕੇ ਜੁੜੇ ਇਤਿਹਾਸਕ ਇਕੱਠਾਂ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਰਹਿੰਦੀਆਂ ਮੰਗਾਂ ਖ਼ਾਸਕਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਮਿਲਣ ਤੱਕ ਮੋਰਚਾ ਜਾਰੀ ਰਹੇਗਾ।
ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਰਜਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਰਾਜਵੀਰ ਸਿੰਘ ਨੇ ਸੰਬੋਧਨ ਕੀਤਾ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ਦੇ 423ਵੇਂ ਦਿਨ ਅੱਜ ਦਿੱਲੀ ਕਿਸਾਨ ਮਜ਼ਦੂਰ ਸੰਘਰਸ਼ ਦਾ ਇੱਕ ਸਾਲ ਪੂਰਾ ਹੋਣ ’ਤੇ ਧਰਨਾਕਾਰੀਆਂ ਨੂੰ ਇਤਿਹਾਸਕ ਸੰਘਰਸ਼ ਦੇ ਇੱਕ ਸਾਲ ਦੇ ਸਫਲ ਸਫ਼ਰ ’ਤੇ ਮੁਬਾਰਕਬਾਦ ਸਾਂਝੀ ਕੀਤੀ ਗਈ। ਦਿੱਲੀ ਹੱਦਾਂ ’ਤੇ ਵਰ੍ਹੇਗੰਢ ਸਮਾਗਮਾਂ ’ਚ ਸ਼ਾਮਲ ਹੋ ਕੇ ਪਰਤੇ ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਮੋਰਚਿਆਂ ਦੀ ਵਿਸ਼ਾਲ ਇਕੱਤਰਤਾ ’ਚ ਪਹੁੰਚੇ ਲੱਖਾਂ ਲੋਕਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਰਹਿੰਦੀਆਂ ਮੰਗਾਂ ’ਤੇ ਜਿੱਤ ਹਾਸਲ ਕਰ ਕੇ ਹੀ ਘਰਾਂ ਨੂੰ ਮੁੜਨਗੇ। ਦਿੱਲੀ ਤੋਂ ਪਰਤੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ 26 ਨਵੰਬਰ ਨੂੰ ਦਿੱਲੀ ਬਾਰਡਰਾਂ ’ਤੇ ਇਕੱਤਰ ਲੋਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ। ਇਨਕਲਾਬੀ ਆਗੂ ਤਾਰਾ ਸਿੰਘ ਮੋਗਾ ਨੇ ਇਨਕਲਾਬੀ ਲਹਿਰ ਦੇ ਸਮਰਥਕ ਮਰਹੂਮ ਬੰਤਾ ਸਿੰਘ ਮੋਹੀ ਦੀ ਦੂਸਰੀ ਬਰਸੀ ’ਤੇ ਉਨ੍ਹਾਂ ਨੂੰ ਯਾਦ ਕੀਤਾ।