ਪੱਤਰ ਪ੍ਰੇਰਕ
ਦੋਰਾਹਾ, 19 ਅਪਰੈਲ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਵਫ਼ਦ ਅੱਜ ਖੇਤੀ ਮੋਟਰਾਂ ਲਈ ਵੱਧ ਬਿਜਲੀ ਸਪਲਾਈ ਦੇਣ ਸਬੰਧੀ ਸਹਾਇਕ ਸੁਪਰਡੈਂਟ ਹਰਿੰਦਰ ਕੌਰ ਨੂੰ ਮਿਲਿਆ। ਵਫ਼ਦ ਨੇ ਕਿਹਾ ਕਿ ਖੇਤੀ ਖੇਤਰ ਲਈ ਹਾੜ੍ਹੀ ਦੇ ਸੀਜ਼ਨ ਕਾਰਨ 3-4 ਦਿਨ ਤਾਂ ਫੀਡਰ ਵੈਸੇ ਹੀ ਬੰਦ ਕਰ ਦਿੱਤੇ ਕਿਉਂਕਿ ਕਣਕ ਦੀ ਵਾਢੀ ਚੱਲ ਰਹੀ ਸੀ ਪਰ ਮੋਟਰਾਂ ਦੀ ਸਪਲਾਈ 8-9 ਦਿਨ ਤੋਂ ਨਹੀਂ ਆ ਰਹੀ। ਸਨਅਤ ਲਈ, ਸ਼ੈੱਲਰਾਂ ਲਈ 24-24 ਬਿਜਲੀ ਸਪਲਾਈ ਚੱਲ ਰਹੀ ਹੈ ਪਰ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਬੰਦ ਹੀ ਕਰ ਦਿੱਤੀ ਜਾਂਦੀ ਹੈ, ਕਾਰਨ ਢਿੱਲੀਆਂ ਤਾਰਾਂ, ਪੁਰਾਣੀਆਂ ਤਾਰਾਂ ਤੇ ਪੁਰਾਣੇ ਜੈਪਰਾਂ ਆਦਿ ਜੋ ਮਹਿਕਮੇ ਦਾ ਕੰਮ ਹੁੰਦਾ ਹੈ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਸਪਲਾਈ ਰੋਜ਼ਾਨਾ ਸਵੇਰੇ 6 ਘੰਟੇ ਦਿੱਤੀ ਜਾਵੇ ਤੇ ਪਾਵਰਕੱਟ ਬੰਦ ਕੀਤੇ ਜਾਣ। ਇਸ ਸਬੰਧੀ ਐੱਸ.ਈ ਖੰਨਾ ਨਾਲ ਵੀ ਸੰਪਰਕ ਕੀਤਾ ਗਿਆ, ਜਿਨ੍ਹਾਂ ਭਰੋਸਾ ਦਿਵਾਇਆ ਕਿ ਅੱਜ ਤੋਂ ਹੀ ਬਿਜਲੀ ਫੀਡਰਾਂ ਤੋਂ ਛੱਡੀ ਜਾਵੇਗੀ। ਇਸ ਮੌਕੇ ਦਲਜੀਤ ਸਿੰਘ, ਪਰਮਜੀਤ ਸਿੰਘ, ਸ਼ੀਰਾ ਪੰਚ, ਕਾਲਾ ਬਗਲੀ ਆਦਿ ਹਾਜ਼ਰ ਸਨ।