ਜਸਬੀਰ ਸ਼ੇਤਰਾ
ਜਗਰਾਉਂ, 19 ਅਪਰੈਲ
ਇਥੇ ਰੇਲਵੇ ਸਟੇਸ਼ਨ ਅੱਗੇ ਪਾਰਕ ’ਚ 201 ਦਿਨਾਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ’ਚ ਅੱਜ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਦਿੱਲੀ ਮੋਰਚੇ ’ਤੇ ਪਹੁੰਚਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਾਰੇ ਪਿੰਡਾਂ ’ਚੋਂ ਜਿੱਥੇ-ਜਿੱਥੇ ਵੀ ਹਾੜੀ ਦਾ ਕੰਮ ਨਿੱਬੜ ਗਿਆ ਹੈ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਦਿੱਲੀ ਦੀਆਂ ਹੱਦਾਂ ’ਤੇ ਅੱਜ ਕੱਲ੍ਹ ’ਚ ਵੱਡੀ ਗਿਣਤੀ ’ਚ ਪਹੁੰਚਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਭਾਵਤ ਖਤਰੇ ਦੇ ਮੱਦੇਨਜ਼ਰ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਾਰਪੋਰੇਟਾਂ ਹੇਠ ਲੱਗੀ ਮੋਦੀ ਹਕੂਮਤ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਧਮਕੀਆਂ ’ਤੇ ਉੱਤਰ ਆਈ ਹੈ। ਜਦਕਿ ਉਹ ਕਰੋਨਾ ਨੂੰ ਕੰਟਰੋਲ ਕਰਨ ਦੇ ਮਾਮਲੇ ’ਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਅਜਿਹੇ ਕਦਮਾਂ ਨੂੰ ਰੋਕਣ ਦੀ ਮੰਗ ਕੀਤੀ। ਧਰਨੇ ਨੂੰ ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ, ਕੁਲਵਿੰਦਰ ਸਿੰਘ ਢੋਲਣ, ਚਮਕੌਰ ਸਿੰਘ ਦੌਧਰ, ਪੇਂਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਮਦਨ ਸਿੰਘ ਆਦਿ ਨੇ ਸੰਬੋਧਨ ਕੀਤਾ।
ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਨੌਜਵਾਨ
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਅੱਗੇ ਆਰੰਭਿਆ ਸੰਘਰਸ਼ 202ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ ਅਤੇ ਅੱਜ ਭੁੱਖ ਹੜਤਾਲ ਦੇ 152ਵੇਂ ਦਿਨ ਹਰਮਿੰਦਰ ਸਿੰਘ ਤੇ ਦੀਦਾਰ ਸਿੰਘ ਬੈਠੇ। ਮੋਦੀ ਸਰਕਾਰ ਖਿਲਾਫ਼ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਸ਼ਹਿਰ ਵਿਚ ਲਗਾਤਾਰ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ, ਇਸੇ ਤਹਿਤ ਅੱਜ ਇਥੋਂ ਦੇ ਸਮਰਾਲਾ ਚੌਕ ਵਿੱਚ 2 ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ।