ਦੇਵਿੰਦਰ ਸਿੰਘ ਜੱਗੀ
ਪਾਇਲ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦੋਰਾਹਾ ਦੀ ਮੀਟਿੰਗ ਪਿੰਡ ਘਣਗਸ ਵਿੱਚ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਦਵਿੰਦਰ ਸਿੰਘ ਘਲੋਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰਵਨਦੀਪ ਸਿੰਘ ਘਲੋਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ, ਸੁੰਡੀ ਨਾਲ ਹੋਏ ਨਰਮੇ ਦੇ ਮੁਆਵਜ਼ੇ ਬਾਰੇ, ਜਬਰੀ ਜ਼ਮੀਨਾਂ ਐਕੁਆਇਰ ਕਰਨ ਵਿਰੁੱਧ ਅਤੇ ਫੈਕਟਰੀਆਂ ਵੱਲੋਂ ਦੂਸ਼ਿਤ ਕੀਤੇ ਜਾ ਰਹੇ ਪਾਣੀਆਂ ਬਾਰੇ ਤੇ ਹੜ੍ਹਾਂ ਨਾਲ ਮਰੀਆਂ ਫ਼ਸਲਾਂ ਲਈ ਮੁਆਵਜ਼ੇ, ਪਰਾਲੀ ਤੇ ਹੋਰ ਮੰਗਾਂ ਬਾਰੇ ਕੋਈ ਗੱਲਬਾਤ ਨਾ ਕਰਨ ਸਬੰਧੀ 9 ਅਕਤੂਬਰ ਤੋਂ ਸੀਐੱਮ ਕੋਠੀ ਸੰਗਰੂਰ ਅੱਗੇ ਅਣਮਿੱਥੇ ਸਮੇਂ ਦੇ ਧਰਨੇ ਦੀ ਤਿਆਰੀ ਲਈ ਅੱਜ ਪਿੰਡਾਂ ਵਿੱਚ ਡਿਊਟੀਆਂ ਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਸਮੇਤ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਰੂਰ ਪਹੁੰਚਿਆ ਕਰਨਗੇ। ਖਜ਼ਾਨਚੀ ਜਸਵੀਰ ਸਿੰਘ ਅਸਗਰੀਪੁਰ ਨੇ ਕਿਹਾ ਕਿ ਸਰਕਾਰਾਂ ਜਾਣਬੁੱਝ ਕੇ ਢੀਠ ਹੋ ਰਹੀਆਂ ਹਨ ਅਤੇ ਸਭ ਕੁਝ ਕਾਰਪੋਰੇਟ ਕੰਪਨੀਆਂ ਨੂੰ ਸੰਭਾਲਣ ਜਾ ਰਹੀਆਂ ਹਨ ਤੇ ਆਮ ਜਨਤਾ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। ਫ਼ਸਲਾਂ ਦੀ ਖ਼ਰੀਦ ਬਾਰੇ ਨਵੇਂ ਫਰਮਾਨ ਜਾਰੀ ਕਰ ਰਹੇ ਹਨ, ਜਿਨ੍ਹਾਂ ਦਾ ਡੱਟਵਾਂ ਵਿਰੋਧ ਕਰਨ ਲਈ ਅੱਜ ਸਾਨੂੰ ਸੰਘਰਸ਼ ਦੇ ਏਕੇ ਦੀ ਲੋੜ ਹੈ। ਇਸ ਮੌਕੇ ਹਰਜੀਤ ਸਿੰਘ ਘਲੋਟੀ, ਦਲਜੀਤ ਸਿੰਘ ਬਿੱਟੂ ਘੁਡਾਣੀ, ਜਗਦੇਵ ਸਿੰਘ ਨਸਰਾਲੀ, ਨਿਰਮਲ ਸਿੰਘ ਬੀਜਾ, ਜ਼ੋਰਾ ਸਿੰਘ ਭੱਠਲ, ਨਿਰਮਲ ਸਿੰਘ ਬਿਲਾਸਪੁਰ ਆਦਿ ਸ਼ਾਮਲ ਸਨ।