ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਦਸੰਬਰ
ਇਥੇ ਰੇਲਵੇ ਪਾਰਕ ’ਚ ਕਿਸਾਨ ਮੋਰਚੇ ਦੇ 431ਵੇਂ ਦਿਨ ਨਿਡਰ ਤੇ ਜਨਵਾਦੀ ਪੱਤਰਕਾਰ ਵਿਨੋਦ ਦੂਆ ਅਤੇ ਲੇਖਕ ਗੁਰਨਾਮ ਸਿੰਘ ਮੁਕਤਸਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਧਰਨਾਕਾਰੀਆਂ ਨੇ ਕਿਹਾ ਕਿ ਖੋਜੀ ਪੱਤਰਕਾਰ ਦਾ ਜਾਣਾ ਆਮ ਲੋਕਾਂ ਲਈ ਇਕ ਵੱਡਾ ਤੇ ਲੰਮੇ ਸਮੇਂ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਥੇ ਹੀ ਕਿਸਾਨ ਆਗੂ ਧਰਮ ਸਿੰਘ ਸੂਜਾਪੁਰ, ਹਰਚੰਦ ਸਿੰਘ ਢੋਲਣ, ਦਰਸ਼ਨ ਸਿੰਘ ਗਾਲਬਿ, ਜਗਦੀਸ਼ ਸਿੰਘ, ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਕੂਹਣੀ ਮੋੜ ’ਤੇ ਕਿਸਾਨ ਮੋਰਚੇ ਨੂੰ ਢਾਹ ਲਾਉਣ ਦੀ ਸਰਕਾਰ ਦੀ ਕੋਸ਼ਿਸ਼ ਦੇ ਉਲਟ ਸੰਯੁਕਤ ਕਿਸਾਨ ਮੋਰਚੇ ਨੇ ਸਿਆਣਪ ਨਾਲ ਇਨ੍ਹਾਂ ਚਾਲਾਂ ਨੂੰ ਮੋੜਾ ਦਿੱਤਾ ਹੈ। ਮੋਰਚੇ ਦੀ ਲੀਡਰਸ਼ਿਪ ਵੱਲੋਂ ਸਰਕਾਰ ਨਾਲ ਐੱਮਐੱਸਪੀ ਅਤੇ ਹੋਰਨਾਂ ਮੁੱਦਿਆਂ ’ਤੇ ਗੱਲਬਾਤ ਲਈ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਵੀ ਮੋਰਚੇ ਦੀ ਦੂਰ-ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਮੋਰਚੇ ਦੀਆਂ ਲਗਭਗ ਸਾਰੀਆਂ ਧਿਰਾਂ ਸਿਆਸਤ ਤੋਂ ਦੂਰੀ ਬਣਾਈ ਰੱਖਣ ਅਤੇ ਕਿਸਾਨ ਮੋਰਚੇ ਦੀ ਏਕਤਾ ਨੂੰ ਕਾਇਮ ਰੱਖਣ ਲਈ ਇਕਮਤ ਹਨ। ਬੁਲਾਰਿਆਂ ਨੇ ਕਿਹਾ ਕਿ ਕੁੜਿੱਕੀ ’ਚ ਫਸੀ ਮੋਦੀ ਹਕੂਮਤ ਨੂੰ ਬਾਕੀ ਮੰਗਾਂ ਦਾ ਵੀ ਯੋਗ ਨਿਪਟਾਰਾ ਕਰਨਾ ਹੀ ਪਵੇਗਾ। ਇਕ ਸਾਲ ਪੂਰਾ ਰੇਲਵੇ ਲਾਈਨਾਂ, ਸੜਕਾਂ, ਟੌਲ ਪਲਾਜ਼ਿਆਂ, ਮਾਲਾਂ ਦੇ ਬਾਹਰ ਆਪਣੀ ਲੋਕ ਤਾਕਤ ਦੇ ਕਿਲ੍ਹੇ ਦੀ ਉਸਾਰੀ ਕਰਕੇ ਕਿਰਤੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਸੇ ਤਰ੍ਹਾਂ ਉਹ ਸਾਬਤਕਦਮੀ ਨਾਲ, ਇਮਾਨਦਾਰੀ ਨਾਲ, ਲੋਕ ਏਕਤਾ ਨੂੰ ਸਮਰਪਣ ਨਾਲ ਚਲਦੇ ਰਹੇ ਤਾਂ ਹਰ ਕਿਸਮ ਦੀ ਲੁੱਟ, ਸ਼ੋਸ਼ਣ ਅਤੇ ਧੱਕੇ ਦਾ ਖਾਤਮਾ ਕੀਤਾ ਜਾ ਸਕਦਾ ਹੈ। ਧਰਨਾਕਾਰੀਆਂ ਨੇ ਕਿਹਾ ਕਿ 7 ਦਸੰਬਰ ਦੀ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚੇ, ਜੋ ਸੱਦਾ ਦੇਵੇਗਾ, ਉਸ ’ਤੇ ਪਹਿਲਾਂ ਵਾਂਗ ਵੱਧ ਚੜ੍ਹ ਕੇ ਫੁੱਲ ਚੜ੍ਹਾਏ ਜਾਣਗੇ। ਧਰਨੇ ’ਚ ਬੰਤਾ ਸਿੰਘ ਚਾਹਲ, ਜਗਰੂਪ ਸਿੰਘ ਡੱਲਾ, ਮਦਨ ਸਿੰਘ, ਇੰਦਰਜੀਤ ਸਿੰਘ, ਕਰਨੈਲ ਸਿੰਘ ਆਦਿ ਸ਼ਾਮਲ ਸਨ।