ਰਾਮ ਗੋਪਾਲ ਰਾਏਕੋਟੀ
ਰਾਏਕੋਟ, 22 ਜੂਨ
ਅੱਜ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਯੂਥ ਆਗੂ ਕਰਮਜੀਤ ਸਿੰਘ ਮਾਣੂਕੇ ਨੇ ਆਖਿਆ ਕਿ ਕੇਂਦਰ ਦੀ ਕਾਰਪੋਰੇਟ ਪੱਖੀ ਸਰਕਾਰ ਖੇਤੀ ਸਬੰਧੀ ਕਾਲੇ ਕਾਨੂੰਨਾਂ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ, ਜਿਸ ਨੂੰ ਗੋਡਿਆਂ ਪਰਨੇ ਕਰਨ ਲਈ 26 ਜੂਨ ਨੂੰ ਭਾਰਤ ਦੇ ਸਮੂਹ ਸੂਬਿਆਂ ਵਿੱਚ ਰਾਜਪਾਲ ਭਵਨਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਲਈ ਕਿਸਾਨਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਵਾਂ ਸ਼ਹਿਰ, ਜਲੰਧਰ, ਰੋਪੜ, ਮੋਗਾ ਤੇ ਲੁਧਿਆਣਾ ਚੰਡੀਗੜ੍ਹ ਜਾਣਗੇ ਅਤੇ ਜ਼ਿਲ੍ਹਾ ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਸੰਗਰੂਰ ਤੇ ਅੰਮ੍ਰਿੰਤਸਰ ਦਿੱਲੀ ਰਵਾਨਾ ਹੋਣਗੇ।
ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਜੋਰੜਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਜਥੇ ਵਿੱਚ ਰਾਏਕੋਟ ਦੇ ਪਿੰਡ ਝੋਰੜਾਂ, ਅੱਚਰਵਾਲ, ਫੇਰੂਰਾਂਈ, ਬੋਪਾਰਾਏ ਤੇ ਸਿਵੀਆਂ ਅਤੇ ਜਗਰਾਓਂ ਦੇ ਪਿੰਡਾਂ ਮਾਣੂਕੇ, ਰਸੂਲਪੁਰ, ਕੋਠਾ ਪੋਨੇ, ਮੀਰਪੁਰ ਹਾਂਸ, ਪੱਬੀਆਂ ਤੋਂ 4 ਗੱਡੀਆਂ ਭਰ ਕੇ ਕਿਸਾਨ ਮੋਗਾ ਜ਼ਿਲ੍ਹੇ ਨਾਲ ਰਲ ਕੇ ਜਥਾ ਚੰਡੀਗੜ੍ਹ ਨੂੰ ਰਵਾਨਾ ਹੋਵੇਗਾ।