ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਮਈ
ਬੰਗਲੁਰੂ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ’ਤੇ ਹਮਲਾ ਕਰਨ ਅਤੇ ਸਿਆਹੀ ਸੁੱਟਣ ਖ਼ਿਲਾਫ਼ ਇੱਥੇ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਿੰਡ ਸ਼ੇਖਦੌਲਤ ਵਿੱਚ ਮੋਦੀ ਹਕੂਮਤ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਇਹ ਕੰਮ ਆਰਐੱਸਐੱਸ ਦੇ ‘ਗੁੰਡਿਆਂ’ ਦਾ ਹੈ। ਕਥਿਤ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਹਮਲੇ ਸਹਿਣ ਨਹੀਂ ਕੀਤੇ ਜਾਣਗੇ।
ਬਲਾਕ ਸਿੱਧਵਾਂ ਬੇਟ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਦੀ ਅਗਵਾਈ ਹੇਠ ਕਿਸਾਨਾਂ ਦੀ ਇਕੱਤਰਤਾ ਹੋਈ। ਕਾਲੀ ਸਿਆਹੀ ਸੁੱਟਣ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਥਿਤ ਦੋਸ਼ੀਆਂ ਤੇ ਸਾਜਿਸ਼ਕਾਰੀਆਂ ਖ਼ਿਲਾਫ਼ ਯੋਗ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਜਥੇਬੰਦੀ ਪਾਣੀ ਨੂੰ ਬਚਾਉਣ, ਸਰਕਾਰ ਤੋਂ ਕੁਦਰਤ ਪੱਖੀ, ਵਾਤਾਵਰਨ ਪੱਖੀ ਖੇਤੀ ਨੀਤੀ ਅਤੇ ਵਾਟਰ ਪਾਲਿਸੀ ਬਣਾਉਣ ਲਈ ਦਬਾਅ ਲਾਮਬੰਦ ਕਰੇਗੀ। ਇਸ ਸਮੇਂ ਕਿਸਾਨਾਂ ਨੇ ਪਾਣੀ ਸੰਜਮ ਨਾਲ ਵਰਤਣ ਅਤੇ ਹਰ ਕਿਸਾਨ ਵੱਲੋਂ ਪੰਜ-ਪੰਜ ਬੂਟੇ ਲਾਉਣ ਦਾ ਵੀ ਫ਼ੈਸਲਾ ਕੀਤਾ। ਬਲਾਕ ਕਮੇਟੀ ਵੱਲੋਂ ਪਿੰਡ ਇਕਾਈਆਂ ਨੂੰ ਨਿੰਮ ਦੇ ਬੂਟੇ ਵੀ ਵੰਡੇ ਗਏ। ਮੀਟਿੰਗ ’ਚ 5 ਜੂਨ ਨੂੰ ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਹਲਕਾ ਵਿਧਾਇਕ ਦੇ ਘਿਰਾਓ ’ਚ ਪੁੱਜਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਮੀਤ ਪ੍ਰਧਾਨ, ਚਰਨਜੀਤ ਸਿੰਘ ਸਕੱਤਰ, ਬਚਿੱਤਰ ਸਿੰਘ ਜਨੇਤਪੁਰਾ ਅਤੇ ਇਕਾਈਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਹਾਜ਼ਰ ਸਨ।