ਸੰਤੋਖ ਗਿੱਲ
ਗੁਰੂਸਰ ਸੁਧਾਰ, 7 ਨਵੰਬਰ
ਕਣਕ ਅਤੇ ਆਲੂਆਂ ਦੀ ਬਿਜਾਈ ਲਈ ਡੀਏਪੀ ਖਾਦ ਦੀ ਕਿੱਲਤ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ, ਕਿਲ੍ਹਾ ਰਾਏਪੁਰ ਰੇਲਵੇ ਸਟੇਸ਼ਨ ਉੱਪਰ ਖੰਨਾ, ਸਮਰਾਲਾ, ਪਾਇਲ ਅਤੇ ਲੁਧਿਆਣਾ (ਪੱਛਮੀ) ਤਹਿਸੀਲਾਂ ਦੀਆਂ ਸਹਿਕਾਰੀ ਸਭਾਵਾਂ ਦੇ ਪ੍ਰਬੰਧਕ ਆਪਣੇ ਟਰੱਕਾਂ, ਟਰਾਲੀਆਂ ਅਤੇ ਟੈਂਪੂਆਂ ਨਾਲ ਖਾਦ ਲੈਣ ਲਈ ਪੁੱਜੇ। ਸੜਕਾਂ ਉੱਪਰ ਲੱਗੀਆਂ ਲੰਬੀਆਂ ਲਾਈਨਾਂ ਕਾਰਨ ਆਵਾਜਾਈ ਕਈ ਘੰਟੇ ਠੱਪ ਰਹੀ। ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਘੁਡਾਣੀ, ਕਰਮ ਸਿੰਘ ਈਸੜੂ, ਬੂਟਾ ਸਿੰਘ ਭਮੱਦੀ, ਚਰਨਜੀਤ ਸਿੰਘ ਮੋਹੀ, ਜਗਦੀਪ ਪਾਲ ਸਿੰਘ ਢੱਟ, ਗਿਆਨ ਸਿੰਘ ਰੁੜਕਾ ਸਹਿਕਾਰੀ ਸਭਾ ਦੇ ਸਕੱਤਰਾਂ ਨੇ ਕਿਹਾ ਕਿ ਹਰ ਸਾਲ 30 ਸਤੰਬਰ ਤੱਕ ਸਹਿਕਾਰੀ ਸਭਾਵਾਂ ਨੂੰ 90% ਖਾਦ ਪਹੁੰਚਾਈ ਜਾਂਦੀ ਸੀ। ਪਰ ਇਸ ਵਾਰ ਹੁਣ ਤੱਕ ਕੇਵਲ ਚੌਥਾ ਹਿੱਸਾ ਹੀ ਮਿਲੀ ਹੈ। ਹਰ ਸਾਲ ਖਾਦ ਏਜੰਸੀਆਂ ਵੱਲੋਂ ਹੀ ਸਹਿਕਾਰੀ ਸਭਾਵਾਂ ਨੂੰ ਖਾਦ ਸਪਲਾਈ ਕੀਤੀ ਜਾਂਦੀ ਸੀ ਪਰ ਇਸ ਵਾਰ ਸਹਿਕਾਰੀ ਸਭਾਵਾਂ ਨੂੰ ਆਪਣੇ ਪੱਧਰ ’ਤੇ ਖਾਦ ਕਿਲ੍ਹਾ ਰਾਏਪੁਰ ਸਟੇਸ਼ਨ ਤੋਂ ਲਿਆਉਣ ਲਈ ਆਦੇਸ਼ ਦੇ ਦਿੱਤੇ ਗਏ ਹਨ ਜਿਸ ਦਾ ਖ਼ਰਚਾ ਵੀ ਸਹਿਕਾਰੀ ਸਭਾਵਾਂ ਨੂੰ ਸਹਿਣ ਕਰਨਾ ਪਵੇਗਾ। ਖਾਦ ਦੀ ਘੱਟ ਮਾਤਰਾ ਵਿੱਚ ਸਪਲਾਈ ਕਾਰਨ ਫ਼ਸਲ ਦੀ ਬਿਜਾਈ ਵੀ ਲੇਟ ਹੋ ਰਹੀ ਹੈ। ਨੇੜੇ ਹੀ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਉੱਪਰ ਪੱਕਾ ਮੋਰਚਾ ਲਾ ਕੇ ਬੈਠੇ ਅੰਦੋਲਨਕਾਰੀਆਂ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਡੀ.ਏ.ਪੀ ਖਾਦ ਦੀ ਬਲੈਕ ਧੜੱਲੇ ਨਾਲ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਖਾਦ ਪਹਿਲਾਂ ਦੀ ਤਰਾਂ ਸੁਸਾਇਟੀਆਂ ਵਿੱਚ ਪਹੁੰਚਾਈ ਜਾਵੇ। ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨਾ ਜਾਰੀ ਰਿਹਾ।