ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਜੁਲਾਈ
ਇਥੇ ਕਿਸਾਨ ਸੰਘਰਸ਼ ਮੋਰਚੇ ’ਚ ਐਤਵਾਰ ਨੂੰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ,‘‘ਬਗੈਰ ਕਿਸੇ ਸੰਵਿਧਾਨਕ ਤਾਕਤ ਦੇ ਦਾਅਵੇ ਠੋਕ ਰਹੇ ਸਿੱਧੂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਨਵਜੋਤ ਸਿੱਧੂ ਖੁਦ ਨੂੰ ਖੁਹ ਅਤੇ ਕਿਸਾਨਾਂ ਨੂੰ ਪਿਆਸਾ ਦੱਸ ਕੇ ਜਲੀਲ ਕਰ ਰਹੇ ਹਨ ਜਦਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ।’’ ਰੇਲਵੇ ਪਾਰਕ ਵਿੱਚ ਕਿਸਾਨ ਧਰਨੇ ਦੇ 298ਵੇਂ ਦਿਨ ਬੁਲਾਰਿਆਂ ਨੇ ਨਵਜੋਤ ਸਿੱਧੂ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਕਿ ਪਿਆਸਿਆਂ ਨੂੰ ਖੂਹ ਕੋਲ ਆਉਣਾ ਹੁੰਦਾ ਹੈ। ਨਵਜੋਤ ਸਿੱਧੂ ਨੇ ਹੁਣ ਤੱਕ ਗੱਲਾਂ ਬਹੁਤ ਕੀਤੀਆਂ ਅਤੇ ਕਈ ਲੋਕ ਪੱਖੀ ਨੁਕਤੇ ਚੁੱਕੇ ਹਨ ਅਤੇ ਜੇ ਉਹ ਸੰਜੀਦਾ ਹਨ ਤਾਂ ਆਪਣੀ ਪਾਰਟੀ ਦੀ ਸਰਕਾਰ ਤੋਂ ਇਨ੍ਹਾਂ ਨੂੰ ਪੂਰਾ ਕਰਵਾਉਣ ਦੀ ਜੁਅਰਤ ਦਿਖਾਉਣ। ਧਰਨੇ ਸਮੇਂ ਸਭ ਤੋਂ ਪਹਿਲਾਂ ਅੱਜ ਦੇ ਦਿਨ 1983 ’ਚ ਗੁੰਡਿਆਂ ਵੱਲੋਂ ਕਤਲ ਕਰਕੇ ਸ਼ਹੀਦ ਕਰ ਦਿੱਤੇ ਗਏ ਇਨਕਲਾਬੀ ਆਗੂ ਅਵਤਾਰ ਸਿੰਘ ਢੁੱਡੀਕੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਫਿਰਕੂ ਦਹਿਸ਼ਤਗਰਦਾਂ ਵੱਲੋਂ ਸ਼ਹੀਦ ਕੀਤੇ ਪਿੰਡ ਚੁਗਾਵਾਂ ਦੇ ਲਾਲਇੰਦਰ ਲਾਲੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਪਿਛਲੇ ਦਿਨੀਂ ਵਿਛੋੜਾ ਦੇ ਗਏ ਇਨਕਲਾਬੀ ਲਹਿਰ ਦੇ ਸਮਰਥਕ ਪ੍ਰਿੰਸੀਪਲ ਸਤੀਸ਼ ਸ਼ਰਮਾ ਨੂੰ ਵੀ ਨਮਨ ਕੀਤਾ ਗਿਆ। ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ ਦੀ ਮੰਚ ਸੰਚਾਲਨਾ ਹੇਠ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ ਸਿੱਧਵਾਂ, ਇੰਦਰਜੀਤ ਧਾਲੀਵਾਲ, ਹਰਭਜਨ ਸਿੰਘ ਦੌਧਰ ਨੇ ਸੰਬੋਧਨ ਕੀਤਾ।
ਸੁਧਾਰ ਦੀਆਂ ਬੀਬੀਆਂ ਵੈਣ ਪਾਉਂਦੀਆਂ ਮੋਰਚੇ ਵਿੱਚ ਪੁੱਜੀਆਂ
ਗੁਰੂਸਰ ਸੁਧਾਰ (ਸੰਤੋਖ ਗਿੱਲ): ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਪਰ ਡਟੇ ਅੰਦੋਲਨਕਾਰੀਆਂ ਦੀਆਂ ਮੰਗਾਂ ਵੱਲ ਘੇਸਲ ਵੱਟ ਕੇ ਬੈਠੀ ਮੋਦੀ ਹਕੂਮਤ ਵਿਰੁੱਧ ਪਿੰਡ ਸੁਧਾਰ ਦੀਆਂ ਸਕੂਟਰ ਸਵਾਰ ਔਰਤਾਂ ਦੀ ਨਿਵੇਕਲੀ ਮਕਾਣ ਇੰਦਰਜੀਤ ਕੌਰ ਗਿੱਲ, ਚਰਨਜੀਤ ਕੌਰ ਗਿੱਲ, ਜਰਨੈਲ ਗਿੱਲ, ਸੁਖਬੀਰ ਕੌਰ ਬਾਠ, ਜਗਦੀਸ਼ ਕੌਰ, ਹਰਜਿੰਦਰ ਕੌਰ ਅਤੇ ਮਨਦੀਪ ਕੌਰ ਗਿੱਲ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚ ਨਾਅਰੇਬਾਜ਼ੀ, ਗੀਤ-ਬੋਲੀਆਂ ਅਤੇ ਵੈਣ ਪਾਉਂਦੀਆਂ ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੋਲ ਪਲਾਜ਼ਾ ਉੱਪਰ ਪੁੱਜੀ। ਜਿੱਥੇ ਉਨ੍ਹਾਂ ਦੇ ਵੈਣਾਂ ਅਤੇ ਨਾਅਰਿਆਂ ਵਿਚ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਨੇ ਵੀ ਆਪਣੀ ਸੁਰ ਮਿਲਾਈ। ਪਿੰਡ ਸੁਧਾਰ ਦੇ ਗਿੱਲ ਪੱਤੀ ਗੁਰਦੁਆਰਾ ਸਾਹਿਬ ਤੋਂ ਅੰਦੋਲਨਕਾਰੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਕੇ ਤੁਰੀ ਇਸ ਨਵੇਲੀ ਮਕਾਣ ਨੇ ਪਿੰਡ ਦੀ ਪਰਿਕਰਮਾ ਕਰ ਕੇ ਲਾਗਲੇ ਪਿੰਡ ਬੋਪਾਰਾਏ ਕਲਾਂ ਦੇ ਪੱਕੇ ਦਰਵਾਜ਼ੇ ਵਿਚ ਜਾ ਡੇਰੇ ਲਾਏ, ਜਿੱਥੇ ਪਿੰਡ ਦੀਆਂ ਭੈਣਾਂ ਜਸਵੀਰ ਕੌਰ ਸੰਘੇੜਾ, ਹਰਪਾਲ ਕੌਰ, ਸ਼ਿੰਦਰ ਕੌਰ, ਤੇਜਿੰਦਰ ਕੌਰ ਦੀ ਅਗਵਾਈ ਵਿਚ ਪਹਿਲਾਂ ਹੀ ਇੰਤਜ਼ਾਰ ਕਰ ਰਹੀਆਂ ਸੀ। ਪੱਕੇ ਦਰਵਾਜ਼ੇ ਵਿਚ ਕਿਸਾਨੀ ਮੰਗਾਂ ਦਾ ਸਮਰਥਨ ਕਰਨ ਤੋਂ ਇਲਾਵਾ ਮੋਦੀ ਸਰਕਾਰ ਦੀ ਹਠਧਰਮੀ ਵਿਰੁੱਧ ਲਾਹਣਤਾਂ ਪਾਈਆਂ। ਬਾਅਦ ਵਿਚ ਪਿੰਡ ਦੀ ਹਲਟੀ ਵਾਲੀ ਸੱਥ ਵਿਚ ਪਿੰਡ ਦੇ ਬਜ਼ੁਰਗਾਂ ਨੇ ਵੀ ਬੀਬੀਆਂ ਨੂੰ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ। ਪਿੰਡ ਰਕਬਾ ਦੀ ਫਿਰਨੀ ਉੱਪਰ ਵੈਣ ਪਾਉਂਦਿਆਂ ਬੀਬੀਆਂ ਨੇ ਟੌਲ ਪਲਾਜ਼ਾ ਉੱਪਰ ਜਾ ਕੇ ਗੀਤ-ਬੋਲੀਆਂ ਅਤੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਤੋਂ ਹੈਂਕੜ ਛੱਡ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਲੜੀਵਾਰ ਧਰਨੇ ਉੱਪਰ ਬੈਠੇ ਅੰਦੋਲਨਕਾਰੀਆਂ ਨੇ ਬੀਬੀਆਂ ਦੀ ਮਕਾਣ ਦਾ ਸਵਾਗਤ ਕਰਦਿਆਂ ਚਾਹ ਪਾਣੀ ਨਾਲ ਸੇਵਾ ਵੀ ਕੀਤੀ।