ਦੇਵਿੰਦਰ ਸਿੰਘ ਜੱਗੀ
ਪਾਇਲ, 11 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਵੱਲੋ ਝੋਨੇ ਦੀ ਹੋ ਰਹੀ ਲੁੱਟ, ਡੀਏਪੀ ਖਾਦ ਦੀ ਘਾਟ ਅਤੇ ਪਰਾਲੀ ਪ੍ਰਬੰਧਨ ਸਬੰਧੀ ਐੱਸਡੀਐੱਮ ਪਾਇਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ, ਜਿਸ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਖਰੀਦ ਪ੍ਰਬੰਧ ਕੀਤੇ ਜਾਣ, ਲਿਫਟਿੰਗ ਵਿੱਚ ਤੇਜ਼ੀ ਲਿਆਂਦੀ ਜਾਵੇ, ਝੋਨੇ ਵਿੱਚ ਨਮੀ ਦੀ ਮਾਤਰਾ 22 ਪ੍ਰਤੀਸ਼ਤ ਕੀਤੀ ਜਾਵੇ, ਵੱਧ ਨਮੀ ਦੇ ਨਾਂ ’ਤੇ ਇੱਕ ਸੌ ਬੋਰੀ ਮਗਰ ਚਾਰ ਚਾਰ ਛੇ ਛੇ ਬੋਰੀਆਂ ਲੈ ਕੇ ਆੜ੍ਹਤੀਆਂ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ-ਖੁਸੱਟ ਬੰਦ ਕੀਤੀ ਜਾਵੇ, ਡੀਏਪੀ ਖਾਦ ਅਤੇ ਹੋਰ ਖਾਦਾਂ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ, ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨੇ, ਮਾਲ ਵਿਭਾਗ ਦੇ ਰਿਕਾਰਡ ਵਿੱਚ ਲਾਲ ਐਂਟਰੀਆਂ ਕਰਨੀਆਂ ਅਤੇ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦੇਣੀਆਂ ਬੰਦ ਕੀਤੀਆ ਜਾਣ। ਕਿਸਾਨਾਂ ਨੇ ਤਹਿਸੀਲ ਕੰਪਲੈਕਸ ਵਿੱਚ ਇਕੱਠੇ ਹੋਕੇ ਐੱਸਡੀਐੱਮ ਦਫ਼ਤਰ ਦੇ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਨਾਅਰੇਬਾਜ਼ੀ ਕੀਤੀ। ਘਿਰਾਓ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਪ੍ਰਧਾਨ ਦਵਿੰਦਰ ਸਿੰਘ ਸਿਰਥਲਾ, ਲਖਵਿੰਦਰ ਸਿੰਘ ਉਕਸੀ, ਰਾਜਪਾਲ ਸਿੰਘ ਦੁਧਾਲ, ਭਜਨ ਸਿੰਘ ਸਿਆੜ, ਪਰਮਵੀਰ ਸਿੰਘ ਘਲੋਟੀ, ਨਾਜਰ ਸਿੰਘ ਸਿਆੜ, ਕਿਰਨਜੀਤ ਕੌਰ ਕਲਾਹੜ, ਮਾਸਟਰ ਕੁਲਦੀਪ ਸਿੰਘ ਟਿੰਬਰਵਾਲ, ਡਾ. ਰੁਪਿੰਦਰ ਸਿੰਘ ਜੋਗੀਮਾਜਰਾ ਅਤੇ ਰਮਨਦੀਪ ਸਿੰਘ ਘਲੋਟੀ ਨੇ ਮੰਡੀਆ ਵਿੱਚ ਹੋ ਰਹੀ ਖੱਜਲ-ਖੁਆਰੀ, ਡੀਏਪੀ ਦੀ ਘਾਟ ਅਤੇ ਪਰਾਲੀ ਪ੍ਰਬੰਧਨ ਨਾ ਹੋਣ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਮਸਲਿਆਂ ਦਾ ਹੱਲ ਕੱਢਣ ’ਤੇ ਜ਼ੋਰ ਦਿੱਤਾ।
ਦੇਰ ਸ਼ਾਮ ਤੱਕ ਕਿਸਾਨਾਂ ਨੇ ਤਹਿਸੀਲ ਕੰਪਲੈਕਸ ਦਾ ਕੈਂਚੀ ਗੇਟ ਬੰਦ ਕਰਕੇ ਤਹਿਸੀਲਦਾਰ ਸਮੇਤ ਅਮਲਾ ਅੰਦਰ ਡੱਕੀ ਰੱਖਿਆ।
ਸੁਸਾਇਟੀਆਂ ’ਚ ਜਲਦੀ ਪਹੁੰਚ ਜਾਵੇਗੀ ਡੀਏਪੀ: ਤਹਿਸੀਲਦਾਰ
ਤਹਿਸੀਲਦਾਰ ਪਾਇਲ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਡੀਏਪੀ ਖਾਦ ਦੀ ਪਿੰਡਾਂ ਦੀ ਸੂਚੀ ਕਿਸਾਨਾਂ ਨੂੰ ਦੇ ਦਿੱਤੀ ਹੈ, ਖਾਦ ਦਾ ਰੈਕ ਲੱਗ ਚੁੱਕਾ ਹੈ ਜੋ ਜਲਦੀ ਹੀ ਸੁਸਾਇਟੀਆਂ ਵਿੱਚ ਪਹੁੰਚ ਜਾਵੇਗਾ।