ਦੇਵਿੰਦਰ ਸਿੰਘ ਜੱਗੀ
ਪਾਇਲ, 19 ਜੁਲਾਈ
ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ। ਇਸ ਵਿਚ ਬਲਾਕ ਕਨਵੀਨਰ ਪਰਮਜੀਤ ਸਿੰਘ ਘਲੋਟੀ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤੇ 22 ਜੁਲਾਈ ਤੋਂ ਦਿੱਲੀ ਸੰਸਦ ਵੱਲ ਜਾਣ ਦੀ ਤਿਆਰੀ ਵਾਸਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਘਲੋਟੀ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ 9 ਤੋਂ 11 ਅਗਸਤ ਤੱਕ ਪਟਿਆਲੇ ਵਿਚ ਦਿੱਤੇ ਜਾਣ ਵਾਲੇ ਧਰਨੇ ਦੀ ਹਮਾਇਤ ’ਚ ਮਜ਼ਦੂਰਾਂ ਨੂੰ ਨਾਲ ਲੈ ਕੇ ਜਾਣਗੇ ਅਤੇ ਆਪਣੇ ਸਾਂਝੇ ਮੁੱਦਿਆਂ ’ਤੇ ਲਾਮਬੰਦ ਹੋ ਕੇ ਸੰਘਰਸ਼ ਜਾਰੀ ਰੱਖਣਗੇ। ਬਲਵੰਤ ਸਿੰਘ ਘੁਡਾਣੀ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਨਾਟਕ ਵੀ ਕਰਵਾਏ ਜਾ ਰਹੇ ਹਨ ਤੇ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ। ਇਸ ਮੌਕੇ ਸਰਬਜੀਤ ਸਿੰਘ, ਰਾਜਬੀਰ ਸਿੰਘ, ਰਵਿੰਦਰ ਸਿੰਘ, ਗੁਰਪਰੀਤ ਸਿੰਘ, ਗਗਨਦੀਪ ਸਿੰਘ, ਦਲਜੀਤ ਬਿੱਟੂ, ਪਰਮਜੀਤ ਸਿੰਘ ਪੰਮੀ, ਦਲਵੀਰ ਸਿੰਘ, ਜਾਗਰ ਸਿੰਘ, ਰਾਜੂ, ਚਰਨ ਸਿੰਘ, ਦਰਸ਼ਨ ਸਿੰਘ, ਗੁਲਜਾਰ ਸਿੰਘ, ਸੁਖਵੀਰ ਸਿੰਘ, ਬਲਦੇਵ ਸਿੰਘ ਬੱਬੀ, ਰਣਜੀਤ ਸਿੰਘ, ਜੀਵਨ ਸਿੰਘ ਤੇ ਹੋਰ ਕਿਸਾਨ ਸ਼ਾਮਲ ਸਨ।