ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਜ ਇਲਾਕੇ ਦੇ ਪਿੰਡਾਂ ’ਚ ਕਿਸਾਨ ਇਕੱਠ ਕੀਤੇ ਗਏ। ਜਗਰਾਉਂ ਨੇੜਲੇ ਪਿੰਡ ਕਾਉਂਕੇ ਖੋਸਾ, ਕਾਉਂਕੇ ਕਲਾਂ, ਗੁਰੂਸਰ ਕਾਉਂਕੇ ਤੇ ਡਾਂਗੀਆਂ ’ਚ ਕਿਸਾਨ ਇਕੱਠਾਂ ਵਿੱਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਅਗਨੀਪਥ ਯੋਜਨਾ ਦਾ ਵਿਰੋਧ ਕੀਤਾ ਗਿਆ। ਇਸ ਦੇ ਨਾਲ ਲਖੀਮਪੁਰ ਖੀਰੀ ’ਚ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਜਾ ਰਹੇ 72 ਘੰਟਿਆਂ ਦੇ ਦਿਨ ਰਾਤ ਦੇ ਧਰਨੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਹਾਜ਼ਰ ਕਿਸਾਨਾਂ ਨੇ ਪਿੰਡ ਇਕਾਈਆਂ ਸਥਾਪਤ ਕਰਨ ਲਈ ਜਥੇਬੰਦੀ ਦੀ ਮੈਂਬਰਸ਼ਿਪ ਵੀ ਲਈ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਐੱਮਐੱਸਪੀ ਅਨੁਸਾਰ ਸਾਰੀਆਂ ਕਿਸਾਨੀ ਜਿਣਸਾਂ ਦੀ ਖਰੀਦ ਗਾਰੰਟੀ ਕਰਦਾ ਕਾਨੂੰਨ ਲੋਕਾਂ ਅਤੇ ਦੇਸ਼ ਦੇ ਹਿੱਤ ਵਿੱਚ ਅਤੇ ਬਹੁਕੌਮੀ ਕੰਪਨੀਆਂ, ਕਾਰਪੋਰੇਟ ਘਰਾਣਿਆ ਦੇ ਹਿੱਤਾਂ ਦੇ ਵਿਰੁੱਧ ਹੈ। ਮੋਦੀ ਹਕੂਮਤ ਇਸੇ ਲਈ ਆਪਣੇ ਦੋਸਤ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨਾਲ ਲਿਹਾਜ਼ ਪਾਲ ਰਹੀ ਹੈ। ਅਸਲ ’ਚ ਇਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਮੋਦੀ ਸਰਕਾਰ ’ਤੇ ਦਬਾਅ ਹੈ, ਜਿਸ ਕਰਕੇ ਸਰਕਾਰ ਇਨ੍ਹਾਂ ਤੋਂ ਬਾਹਰੀ ਹੋ ਹੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਵੱਖ-ਵੱਖ ਸਰਕਾਰਾਂ ਵੱਲੋਂ ਧਾਰਨ ਕੀਤੀਆਂ ਨੀਤੀਆਂ ਦਾ ਸਿੱਟਾ ਹੈ। ਜੇਕਰ ਅੰਬਾਨੀਆਂ-ਅਡਾਨੀਆਂ ਦੇ ਕਰਜ਼ੇ ਵੱਟੇ ਖਾਤੇ ਪਾਏ ਜਾ ਸਕਦੇ ਹਨ ਤਾਂ ਅੰਨਦਾਤੇ ਕਹੇ ਜਾਂਦੇ ਕਿਸਾਨਾਂ ਦੇ ਕਰਜ਼ਿਆਂ ਸਬੰਧੀ ਸਰਕਾਰ ਨੇ ਕਿਉਂ ਘੇਸਲ ਮਾਰੀ ਹੋਈ ਹੈ। ਸਾਰੀ ਉਮਰ ਲੋਕ ਸੇਵਾ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਲਈ ਚੌਥੇ ਦਰਜੇ ਦੇ ਮੁਲਾਜ਼ਮ ਜਿੰਨੀ ਪੈਨਸ਼ਨ ਨਾ ਹੋਣਾ ਘੋਰ ਬੇਇਨਸਾਫ਼ੀ ਹੈ। ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਸਾਂਝਾ ਸੰਘਰਸ਼ ਸਮੇਂ ਦੀ ਅਣਸਰਦੀ ਜ਼ਰੂਰਤ ਹੈ।