ਪੱਤਰ ਪ੍ਰੇਰਕ
ਜਗਰਾਉਂ, 20 ਅਕਤੂਬਰ
ਇਥੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਪੱਧਰੀ ਆਮ ਇਜਲਾਸ ਸ਼ਹੀਦ ਨਛੱਤਰ ਸਿੰਘ ਯਾਦਗਾਈ ਹਾਲ ’ਚ ਗੁਰਦੀਪ ਸਿੰਘ ਕਾਉਂਕੇ, ਗੁਰਤੇਜ਼ ਸਿੰਘ ਅਖਾੜਾ,ਹਰਦੇਵ ਸਿੰਘ ਸਮਰਾ, ਹਰਨੇਕ ਸਿੰਘ ਅੱਚਰਵਾਲ ਅਤੇ ਹਰਿੰਦਰ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ’ਚ ਸਬ-ਡਿਵੀਜ਼ਨ ਜਗਰਾਉਂ ਅਤੇ ਰਾਏਕੋਟ ਨਾਲ ਸਬੰਧਤ 40 ਦੇ ਕਰੀਬ ਅਹੁਦੇਦਾਰਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ। ਹਾਜ਼ਰ ਅਹੁਦੇਦਾਰਾਂ ਨੇ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਪੱਖ ’ਚ ਖੜਨ ਦਾ ਫੈਸਲਾ ਕੀਤਾ ਅਤੇ ਸੂਬਾ ਸਰਕਾਰ ਵੱਲੋਂ ਕੇਂਦਰ ਵੱਲੋਂ ਪਾਸ ਕੀਤਾ ਬਹੁ-ਚਰਚਿਤ ਕਿਸਾਨੀ ਨੂੰ ਡੋਬਣ ਵਾਲੇ ਬਿੱਲ ਪ੍ਰਤੀ ਕਿਸਾਨਾਂ ਦੀਆਂ ਉਮੀਦਾ ਉਪਰ ਖਰਾ ਨਾ ਉਤਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਫਸਲੀ ਵਿਭੰਨਤਾ ਦੀ ਹਾਮੀ ਭਰਦਿਆਂ ਬਦਲਵੀਆਂ ਫਸਲਾਂ ਦੀ ਖਰੀਦ ਦੇ ਪੱਕੇ ਪ੍ਰਬੰਧ ਹੋਣ ਤੇ ਜ਼ੋਰ ਦਿਤਾ। ਅੰਤ ’ਚ ਪਿੰਡਾਂ ਦੀਆਂ ਕਮੇਟੀਆਂ ਨੂੰ ਮਜ਼ਬੂਤ ਕਰਨ ਲਈ ਮਤਾ ਪਾਸ ਕੀਤਾ ਗਿਆ। ਜਥੇਬੰਦੀ ਦੇ ਸਰਪਰਸਤ ਕਾਮਰੇਡ ਹਰਦੇਵ ਸੰਧੂ ਨੇ ਮੀਟਿੰਗ ਇਜਲਾਸ ਦੀ ਸਫਲਤਾ ਲਈ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ ।