ਗੁਰਿੰਦਰ ਸਿੰਘ
ਲੁਧਿਆਣਾ, 1 ਨਵੰਬਰ
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਾਰਕੁਨਾਂ ਨੇ ਲਲਤੋਂ ਕਲਾਂ ਮੰਡੀ ਵਿੱਚ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਖ਼ਰੀਦ ਪ੍ਰਬੰਧਾਂ ਤੋਂ ਖ਼ਫ਼ਾ ਕਿਸਾਨਾਂ ਅਤੇ ਆੜ੍ਹਤੀਆਂ ਨੇ ਹਿੱਸਾ ਲਿਆ।
ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਅਤੇ ਕਿਸਾਨ ਯੂਨੀਅਨ (ਡਕੌਂਦਾ) ਦੇ ਇਕਾਈ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਕਲਾਂ ਨੇ ਸੰਬੋਧਨ ਕਰਦਿਆਂ ਮੰਡੀ ਵਿੱਚ ਪਈਆਂ ਹਜ਼ਾਰਾਂ ਬੋਰੀਆਂ ਦੀ ਤੁਰੰਤ ਚੁਕਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੁਕਾਈ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨੀ ਵਿੱਚ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਸੜਕ-ਜਾਮ ਕਰਨਗੇ।
ਇਸ ਦੌਰਾਨ ਮੌਕੇ ’ਤੇ ਪਹੁੰਚੇ ਮਾਰਕਫੈੱਡ ਮੈਨੇਜਰ ਰਾਜਵਿੰਦਰ ਸਿੰਘ ਮਾਨਸ਼ਾਹੀਆ ਨੇ ਯਕੀਨ ਦਿਵਾਇਆ ਕਿ ਪੁਰਾਣੀ ਖ਼ਰੀਦ ਵਾਲੀਆਂ ਬੋਰੀਆਂ ਤੁਰੰਤ ਚੁਕਵਾ ਕੇ ਬਾਕੀ ਗੱਡੀਆਂ ਬਾਅਦ ਵਿੱਚ ਹੋਰ ਦੁਕਾਨਾਂ ਨੂੰ ਅਲਾਟ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਨਵੀਂ ਖ਼ਰੀਦ ਦੀ ਚੁਕਾਈ ਦੌਰਾਨ ਹਰ ਦੁਕਾਨ ਨਾਲ ਬਣਦਾ ਇਨਸਾਫ਼ ਕੀਤਾ ਜਾਵੇਗਾ।
ਪਨਗ੍ਰੇਨ ਇੰਸਪੈਕਟਰ ਕੁਨਾਲ ਕੁਮਾਰ ਨੇ ਦੱਸਿਆ ਕਿ ਮੰਡੀ ਦਾ ਸਾਰਾ ਪਿਛਲਾ ਜਮ੍ਹਾਂ ਮਾਲ ਦੋ ਦਿਨਾਂ ਦੇ ਅੰਦਰ- ਅੰਦਰ ਚੁੱਕ ਲਿਆ ਜਾਵੇਗਾ। ਰੈਲੀ ਵਿੱਚ ਕਰਮਜੀਤ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ, ਜਗਜੀਤ ਸਿੰਘ ਪ੍ਰਧਾਨ, ਰਣਜੀਤ ਸਿੰਘ ਜੀਤੂ, ਜਗਰਾਜ ਸਿੰਘ ਰਾਜਾ, ਗੁਰਜੰਟ ਸਿੰਘ,ਜਗਤਾਰ ਸਿੰਘ ਜੱਗਾ, ਪ੍ਰਗਟ ਸਿੰਘ, ਚਰਨ ਸਿੰਘ ਤੇ ਹਰਮਿੰਦਰ ਸਿੰਘ ਵਿਸ਼ੇਸ ਤੌਰ ਤੇ ਸ਼ਾਮਲ ਹੋਏ।