ਗੁਰਿੰਦਰ ਸਿੰਘ
ਲੁਧਿਆਣਾ, 23 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਬੁੱਢੇ ਦਰਿਆ ਬੱਲੋਕੀ ਵਿੱਚ ਸ਼ੁਰੂ ਕੀਤਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਸੰਗਰੂਰ, ਮਲੇਰਕੋਟਲਾ ਅਤੇ ਲੁਧਿਆਣਾ ਤੋਂ ਭਾਰੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਧਰਨੇ ਦੀ ਅਗਵਾਈ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ, ਮਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਲੁਧਿਆਣਾ ਦੇ ਪ੍ਰਧਾਨ ਚਰਨ ਸਿੰਘ ਨੂਰਪਰਾ ਵੱਲੋਂ ਕੀਤੀ ਗਈ। ਅੱਜ ਦੇ ਧਰਨੇ ਦਾ ਸਮੁੱਚਾ ਪ੍ਰਬੰਧ ਬੀਬੀਆਂ ਹੱਥ ਸੀ ਅਤੇ ਸਟੇਜ ਵੀ ਕਿਸਾਨ ਬੀਬੀਆਂ ਵੱਲੋਂ ਹੀ ਚਲਾਈ ਗਈ।
ਇਸ ਮੌਕੇ ਇਸਤਰੀ ਆਗੂਆਂ ਨੇ ਕਿਹਾ ਕਿ ਨਿੱਤ ਦਿਹਾੜੇ ਪਾਣੀ ਡੂੰਘਾ ਹੋ ਰਿਹਾ ਹੈ ਅਤੇ ਪ੍ਰਦੂਸ਼ਨ ਕਾਰਨ ਵਾਤਾਵਰਣ ਵਿਗੜ ਰਿਹਾ ਹੈ ਪਰ ਇਸ ਦਾ ਘੜਾ ਅੱਜ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਸ ਖਰਾਬੀ ਲਈ ਦੋਸ਼ੀ ਹਾਕਮਾਂ ਦਾ ਹਰਾ ਇਨਕਲਾਬ ਹੈ। ਉਨ੍ਹਾਂ ਕਿਹਾ ਕਿ ਹਾਕਮਾਂ ਦੀ ਨਕਲੀ ਹਰੀ ਕ੍ਰਾਂਤੀ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।
ਕਿਸਾਨ ਆਗੂ ਬੀਬੀ ਜਸਵੀਰ ਕੌਰ ਉਗਰਾਹਾਂ ਨੇ ਕਿਹਾ ਕਿ ਫੈਕਟਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਪੈਂਦਾ ਹੈ ਜੋ ਪੂਰੇ ਦਾ ਪੂਰਾ ਜ਼ਹਿਰੀਲਾ ਹੈ ਅਤੇ ਮਨੁੱਖੀ ਜਾਨ ਲਈ ਵੱਡਾ ਖਤਰਾ ਹੈ। ਉਨ੍ਹਾਂ ਕਿਸਾਨ ਬੀਬੀਆਂ ਨੂੰ ਪਾਣੀ ਅਤੇ ਵਾਤਾਵਰਣ ਦੀ ਸੰਭਾਲ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਕੇਵਲ ਸਿੰਘ ਭੜੀ, ਜਸਵੰਤ ਸਿੰਘ ਤੋਲੇਵਾਲ ਤੇ ਇਸਤਰੀ ਬੁਲਾਰੇ ਜਸਵੀਰ ਕੌਰ ਉਗਰਾਹਾਂ, ਰਾਜਿੰਦਰ ਕੌਰ ਗੁਰਦਿਤਪੁਰਾ, ਬਲਜੀਤ ਕੌਰ, ਮਨਜੀਤ ਕੌਰ ਕੂਹਲੀ, ਹਰਦੀਪ ਕੌਰ, ਕਰਮਜੀਤ ਕੌਰ, ਹਰਪ੍ਰੀਤ ਗੁੱਜਰਵਾਲ, ਹਰਜੀਤ ਕੌਰ, ਸੁਖਪਾਲ ਕੌਰ ਭੋਗੀਵਾਲ, ਪਰਮਜੀਤ ਕੌਰ, ਮਨਜੀਤ ਕੌਰ ਤੋਲੇਵਾਲ ਨੇ ਵੀ ਸੰਬੋਧਨ ਕੀਤਾ।
ਪੰਜਾਬ ਦੇ ਪਾਣੀ ਬਚਾਉਣ ਲਈ ਸੰਘਰਸ਼ ਦਾ ਫ਼ੈਸਲਾ
ਦੋਰਾਹਾ (ਪੱਤਰ ਪ੍ਰੇਰਕ): ਕੁੱਲ ਹਿੰਦ ਕਿਸਾਨ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਜ਼ੋਰਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ, ਜਿਸ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਹਰਿਆਣਾ, ਦਿੱਲੀ ਤੇ ਰਾਜਸਥਾਨ ਅਤੇ ਰਾਵੀ ਦਰਿਆ ਦੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਅਤੇ ਹਰੀਕੇ ਪੱਤਣ ਤੋਂ ਲੀਕ ਹੋ ਰਹੇ ਪਾਣੀ ਨੂੰ ਬਚਾਉਣ ਲਈ, ਖੇਤੀ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਨ, ਸਨਅਤੀ ਇਕਾਈਆਂ ਵੱਲੋਂ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰਾਂ ਹੀਲਾ ਨਹੀਂ ਕਰ ਰਹੀਆਂ। ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ ਰਾਹੀਂ ਸਾਡੇ ਡੈਮ, ਬਿਜਲੀ ਪੈਦਾਵਾਰ ਅਤੇ ਪਾਣੀਆਂ ਤੇ ਕੰਟਰੋਲ ਕਰਲਿਆ ਹੈ, ਜਦੋਂ ਕਿ ਪਾਣੀ ਰਾਜਾਂ ਦਾ ਮਸਲਾ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਲਈ 5 ਅਗਸਤ ਨੂੰ ਨੋਟਿਸ ਦੇਣ ਦਾ ਫੈਸਲਾ ਕੀਤਾ ਗਿਆ ਹੈ।