ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 9 ਅਕਤੂਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਸਾਹਮਣੇ ਪੱਕੇ ਮੋਰਚੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੁਧਾਰ, ਰਾਏਕੋਟ ਤੇ ਸਿਧਵਾਂ ਬੇਟ ਦਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ, ਰਾਮ ਸਰਨ ਸਕੱਤਰ ਬਲਾਕ ਸਿਧਵਾਂ ਤੇ ਕਰਮਜੀਤ ਸਿੰਘ ਦਾਖਾ ਮੀਤ ਪ੍ਰਧਾਨ ਬਲਾਕ ਸੁਧਾਰ ਦੀ ਅਗਵਾਈ ਹੇਠ ਜਥਾ ਰਵਾਨਾ ਹੋਇਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਫੋਕੀ ਬਿਆਨਬਾਜ਼ੀ ਦੀ ਥਾਂ ਮੰਨੀਆਂ ਮੰਗਾਂ ਲਾਗੂ ਕਰਵਾਉਣ, ਦਿੱਲੀ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਿਵਾਉਣ, ਲਖੀਮਪੁਰ-ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਉਣ, ਜੇਲ੍ਹੀਂ ਡੱਕੇ ਨਿਰਦੋਸ਼ ਕਿਸਾਨ-ਮਜ਼ਦੂਰ ਆਗੂਆਂ ਦੀ ਰਿਹਾਈ ਲਈ ਤੇ ਬਿਨਾਂ ਯੋਗ ਮੁਆਵਜ਼ਾ ਕੌਮੀ ਮਾਰਗਾਂ ਲਈ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਮੋਰਚਾ ਜਾਰੀ ਰਹੇਗਾ।
ਸੂਬਾ ਸਰਕਾਰ ਮੰਨੀਆਂ ਮੰਗਾਂ ਤੁਰੰਤ ਲਾਗੂ ਕਰੇ: ਘੁਡਾਣੀ
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਵਿੱਚ ਸਾਮਲ ਹੋਣ ਲਈ ਪਿੰਡ ਘੁਡਾਣੀ ਕਲਾਂ ਤੋਂ ਕਾਫਲਾ ਰਵਾਨਾ ਹੋਇਆ। ਕਾਫਲਾ ਰਵਾਨਾ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਮੰਗ ਕੀਤੀ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ। ਆਗੂਆਂ ਨੇ ਕਿਹਾ ਕਿ ਕਿਸਾਨ ਆਪਣੇ ਹੀ ਖੇਤਾਂ ਵਿੱਚੋਂ ਮਿੱਟੀ ਨਹੀਂ ਪੁੱਟ ਸਕਦੇ, ਭਾਰਤ ਮਾਲਾ ਯੋਜਨਾ ਤਹਿਤ ਜ਼ਬਰੀ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਨੇ, ਪਾਣੀ ਨਾਲ ਖਰਾਬ ਹੋਈਆਂ ਫ਼ਸਲਾਂ ਦਾ ਨੁਕਸਾਨ ਨਹੀਂ ਮਿਲਿਆ ਜਦਕਿ ਸੂਬਾ ਸਰਕਾਰ ਇੱਕੋ ਗੱਲ ਕਹਿ ਰਹੀ ਹੈ ਮੰਗਾਂ ਪ੍ਰਵਾਨ ਕਰ ਲਈਆਂ ਹਨ ਪਰ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ।